Homeਸੰਸਾਰਕੈਨੇਡਾ ’ਚ ਸਿੱਖ ਨੌਜਵਾਨ ਨਾਲ ਨਸਲੀ ਹਮਲਾ, ਤਿੰਨ ਮੁਲਜ਼ਮ ਗ੍ਰਿਫ਼ਤਾਰ; ਹੇਟ ਕ੍ਰਾਈਮ...

ਕੈਨੇਡਾ ’ਚ ਸਿੱਖ ਨੌਜਵਾਨ ਨਾਲ ਨਸਲੀ ਹਮਲਾ, ਤਿੰਨ ਮੁਲਜ਼ਮ ਗ੍ਰਿਫ਼ਤਾਰ; ਹੇਟ ਕ੍ਰਾਈਮ ਤਹਿਤ ਮਾਮਲਾ ਦਰਜ

Three youths aged 16, 18 and 19 arrested in Ontario after allegedly removing a Sikh man's turban, pouring beer on his head and assaulting him on a public bus.

ਬੱਸ ਵਿੱਚ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਸਿਰ ’ਤੇ ਸੁੱਟੀ ਬੀਅਰ, ਕੁੱਟਮਾਰ ਵੀ ਕੀਤੀ; ਇੱਕ ਹੋਰ ਵਿਅਕਤੀ ਨਾਲ ਵੀ ਕੀਤੀ ਸੀ ਨਸਲੀ ਬਦਸਲੂਕੀ

ਬੈਰੀ (ਕੈਨੇਡਾ), 14 ਨਵੰਬਰ, 2026 (ਗੁਰਮੀਤ ਸਿੰਘ ਤੁੰਗ) : ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਬੈਰੀ ਵਿੱਚ ਸਿੱਖ ਨੌਜਵਾਨ ਨਾਲ ਨਸਲੀ ਵਿਤਕਰੇ ਅਤੇ ਹਿੰਸਕ ਹਮਲੇ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਜਨਤਕ ਬੱਸ ਵਿੱਚ ਸਫ਼ਰ ਕਰ ਰਹੇ 22 ਸਾਲਾ ਸਿੱਖ ਨੌਜਵਾਨ ਦੀ ਕਥਿਤ ਤੌਰ ’ਤੇ ਦਸਤਾਰ ਉਤਾਰ ਕੇ ਉਸ ਦੇ ਸਿਰ ’ਤੇ ਬੀਅਰ ਪਾਈ ਗਈ ਅਤੇ ਫਿਰ ਉਸ ਦੀ ਕੁੱਟਮਾਰ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ 16, 18 ਅਤੇ 19 ਸਾਲ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਨਫ਼ਰਤੀ ਅਪਰਾਧ (ਹੇਟ ਕ੍ਰਾਈਮ) ਸਮੇਤ ਗੰਭੀਰ ਦੋਸ਼ ਲਗਾਏ ਹਨ।

ਬੈਰੀ ਪੁਲਿਸ ਸਰਵਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਘਟਨਾ 8 ਨਵੰਬਰ ਦੀ ਰਾਤ ਕਰੀਬ 8:30 ਵਜੇ ਯੋਂਗ ਸਟ੍ਰੀਟ ’ਤੇ ਚੱਲ ਰਹੀ ਬੈਰੀ ਟ੍ਰਾਂਜ਼ਿਟ ਦੀ ਬੱਸ ਵਿੱਚ ਵਾਪਰੀ। ਦੋਸ਼ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਪਹਿਲਾਂ ਸਿੱਖ ਨੌਜਵਾਨ ਨੂੰ ਨਸਲੀ ਟਿੱਪਣੀਆਂ ਕਰਕੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਇੱਕ ਮੁਲਜ਼ਮ ਨੇ ਜ਼ਬਰਦਸਤੀ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ਦੇ ਸਿਰ ’ਤੇ ਬੀਅਰ ਪਾ ਦਿੱਤੀ। ਪੀੜਤ ਨੇ ਪੁਲਿਸ ਨੂੰ ਸੂਚਿਤ ਕਰਨ ਲਈ ਆਪਣਾ ਮੋਬਾਈਲ ਫੋਨ ਕੱਢਿਆ ਤਾਂ ਮੁਲਜ਼ਮਾਂ ਨੇ ਉਸ ਤੋਂ ਫੋਨ ਖੋਹ ਕੇ ਜ਼ਮੀਨ ’ਤੇ ਸੁੱਟ ਦਿੱਤਾ। ਜਦੋਂ ਨੌਜਵਾਨ ਨੇ ਮਦਦ ਲਈ ਬੱਸ ਡਰਾਈਵਰ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਦੋ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ, ਜਦਕਿ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ’ਤੇ ਮੁੱਕੇ ਮਾਰੇ।

ਪੁਲਿਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਸੇ ਗਰੁੱਪ ਨੇ ਲਗਭਗ ਇੱਕ ਘੰਟਾ ਪਹਿਲਾਂ ਸ਼ਾਮ 7:15 ਵਜੇ ਐੱਸਾ ਰੋਡ ਨੇੜੇ ਇੱਕ ਹੋਰ ਬੱਸ ਵਿੱਚ ਸਫ਼ਰ ਕਰ ਰਹੇ 26 ਸਾਲਾ ਵਿਅਕਤੀ ਨਾਲ ਵੀ ਨਸਲੀ ਬਦਸਲੂਕੀ ਕੀਤੀ ਸੀ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਨੂੰ ਥੱਪੜ ਮਾਰੇ ਅਤੇ ਬੱਸ ਵਿੱਚੋਂ ਧੱਕਾ ਦੇ ਕੇ ਬਾਹਰ ਕੱਢ ਦਿੱਤਾ। ਦੂਜੀ ਘਟਨਾ ਤੋਂ ਬਾਅਦ ਤਿੰਨੇ ਮੁਲਜ਼ਮ ਟੈਕਸੀ ਰਾਹੀਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਪੁਲਿਸ ਨੇ ਰਾਤ ਕਰੀਬ 9 ਵਜੇ ਸਿਮਕੋ ਅਤੇ ਮਲਕਾਸਟਰ ਸਟ੍ਰੀਟ ਦੇ ਇਲਾਕੇ ਵਿੱਚ ਟੈਕਸੀ ਨੂੰ ਰੋਕ ਕੇ ਤਿੰਨਾਂ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਦੋਵੇਂ ਪੀੜਤਾਂ ਨੂੰ ਕੋਈ ਗੰਭੀਰ ਸਰੀਰਕ ਸੱਟ ਨਹੀਂ ਲੱਗੀ। ਨਾਬਾਲਗ ਮੁਲਜ਼ਮ ਦੀ ਪਛਾਣ ਕਾਨੂੰਨੀ ਨਿਯਮਾਂ ਤਹਿਤ ਜਨਤਕ ਨਹੀਂ ਕੀਤੀ ਗਈ।

ਇਸ ਘਟਨਾ ਤੋਂ ਬਾਅਦ ਕੈਨੇਡਾ ਦੀ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਓਂਟਾਰੀਓ ਦੇ ਨਾਗਰਿਕਤਾ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਗ੍ਰਾਹਮ ਮੈਕਗ੍ਰੇਗਰ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦਸਤਾਰ ਸਿੱਖ ਧਰਮ ਦਾ ਪਵਿੱਤਰ ਪ੍ਰਤੀਕ ਹੈ ਅਤੇ ਇਸ ਦਾ ਅਪਮਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਹਿੰਦੂ-ਸਿੱਖ ਯੂਨਿਟੀ ਫੋਰਮ ਨੇ ਵੀ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਦੋਵਾਂ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਕੈਨੇਡਾ ਵਿੱਚ ਨਸਲੀ ਨਫ਼ਰਤ ਅਤੇ ਘੱਟ ਗਿਣਤੀ ਭਾਈਚਾਰਿਆਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments