ਨਵੀਂ ਦਿੱਲੀ ,15 ਜੁਲਾਈ(ਜਗਦੇਵ ਸਿੰਘ ਜੱਗੀ): ਮੈਸੇਜਿੰਗ ਐਪ WhatsApp ਦੀ ਨਿੱਜਤਾ ਅਤੇ ਸੁਰੱਖਿਆ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਟੈਸਲਾ ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਕ ਐਲੋਨ ਮਸਕ ਨੇ WhatsApp ਦੀ ਸੁਰੱਖਿਆ ’ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਇਸ ’ਤੇ ਪੂਰਾ ਭਰੋਸਾ ਨਹੀਂ ਕੀਤਾ ਜਾ ਸਕਦਾ।
ਇਸੇ ਮਾਮਲੇ ਵਿੱਚ ਟੈਲੀਗ੍ਰਾਮ ਦੇ CEO ਪਾਵਲ ਦੁਰੋਵ ਨੇ ਵੀ WhatsApp ਦੀ ਇਨਕ੍ਰਿਪਸ਼ਨ ਪ੍ਰਣਾਲੀ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਸ ਨੂੰ ਕਥਿਤ ਤੌਰ ’ਤੇ ਵੱਡੀ “ਇਨਕ੍ਰਿਪਸ਼ਨ ਧੋਖਾਧੜੀ” ਕਰਾਰ ਦਿੱਤਾ ਹੈ।
ਇਹ ਵਿਵਾਦ ਅਮਰੀਕਾ ਵਿੱਚ WhatsApp ਖ਼ਿਲਾਫ਼ ਦਰਜ ਕੀਤੇ ਗਏ ਇੱਕ ਮੁਕੱਦਮੇ ਤੋਂ ਬਾਅਦ ਸਾਹਮਣੇ ਆਇਆ ਹੈ। ਦੂਜੇ ਪਾਸੇ WhatsApp ਦੀ ਮਾਲਕ ਕੰਪਨੀ Meta ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਨ੍ਹਾਂ ਨੂੰ “ਝੂਠੇ ਅਤੇ ਬੇਬੁਨਿਆਦ” ਦੱਸਿਆ ਹੈ।
Meta ਦਾ ਕਹਿਣਾ ਹੈ ਕਿ WhatsApp ਪਿਛਲੇ ਕਈ ਸਾਲਾਂ ਤੋਂ Signal Protocol ਆਧਾਰਿਤ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੀ ਵਰਤੋਂ ਕਰ ਰਿਹਾ ਹੈ। ਕੰਪਨੀ ਮੁਤਾਬਕ WhatsApp ’ਤੇ ਭੇਜੇ ਜਾਣ ਵਾਲੇ ਸੁਨੇਹੇ ਸਿਰਫ਼ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਵਿਅਕਤੀ ਹੀ ਪੜ੍ਹ ਸਕਦੇ ਹਨ।
ਇਸ ਵਿਵਾਦ ਤੋਂ ਬਾਅਦ WhatsApp ਦੀ ਨਿੱਜਤਾ ਨੀਤੀ ਅਤੇ ਇਨਕ੍ਰਿਪਸ਼ਨ ਸੁਰੱਖਿਆ ਨੂੰ ਲੈ ਕੇ ਤਕਨਾਲੋਜੀ ਜਗਤ ਵਿੱਚ ਚਰਚਾ ਤੇਜ਼ ਹੋ ਗਈ ਹੈ।







