ਮਸ਼ੀਨੀ ਅਤੇ ਮੈਨੂਅਲ ਸਫ਼ਾਈ ਦੇ ਸੁਮੇਲ ਨਾਲ ਸ਼ਹਿਰੀ ਸਫ਼ਾਈ ਨੂੰ ਮਿਲੇਗੀ ਨਵੀਂ ਦਿਸ਼ਾ; ਸਫ਼ਲਤਾ ਤੋਂ ਬਾਅਦ ਮਾਡਲ ਪੂਰੇ ਸੂਬੇ ਵਿੱਚ ਹੋਵੇਗਾ ਲਾਗੂ
ਪਟਿਆਲਾ: 8 ਜੁਲਾਈ 2026 (ਛਤਰਪਾਲ ਸਿੰਘ) : ਪੰਜਾਬ ਸਰਕਾਰ ਨੇ ਸ਼ਹਿਰੀ ਸਫ਼ਾਈ ਪ੍ਰਬੰਧ ਨੂੰ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਪਟਿਆਲਾ ਤੋਂ ਸੂਬੇ ਦੇ ਪਹਿਲੇ ਹਾਈਬ੍ਰਿਡ ਸਫ਼ਾਈ ਮਾਡਲ ਦੀ ਸ਼ੁਰੂਆਤ ਕੀਤੀ ਹੈ। ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਨਵੇਂ ਮਾਡਲ ਦਾ ਉਦਘਾਟਨ ਕਰਦਿਆਂ ਐਲਾਨ ਕੀਤਾ ਕਿ ਸਰਕਾਰ ਦਾ ਟੀਚਾ ਅਗਲੇ 30 ਦਿਨਾਂ ਵਿੱਚ ਪਟਿਆਲਾ ਨੂੰ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ ਬਣਾਉਣਾ ਹੈ।
ਨਵੇਂ ਸਫ਼ਾਈ ਮਾਡਲ ਤਹਿਤ ਮਸ਼ੀਨੀ ਅਤੇ ਰਵਾਇਤੀ (ਮੈਨੂਅਲ) ਸਫ਼ਾਈ ਪ੍ਰਣਾਲੀ ਨੂੰ ਇਕੱਠੇ ਲਾਗੂ ਕੀਤਾ ਜਾਵੇਗਾ। ਇਸ ਅਧੀਨ ਘਾਹ ਅਤੇ ਝਾੜੀਆਂ ਦੀ ਮਸ਼ੀਨਾਂ ਰਾਹੀਂ ਕਟਾਈ, ਸੁਪਰ-ਸਕਸ਼ਨ ਅਤੇ ਸਕਰੱਬਰ ਮਸ਼ੀਨਾਂ ਨਾਲ ਸੜਕਾਂ ਦੀ ਡੂੰਘੀ ਸਫ਼ਾਈ, ਜੈਵਿਕ ਕੂੜੇ ਦੀ ਹੱਥੀਂ ਸਫ਼ਾਈ ਅਤੇ ਸੜਕਾਂ ਦੀ ਨਿਯਮਤ ਧੁਆਈ ਇੱਕ ਨਿਰਧਾਰਤ ਹਫ਼ਤਾਵਾਰੀ ਯੋਜਨਾ ਅਨੁਸਾਰ ਕੀਤੀ ਜਾਵੇਗੀ।
ਸਰਕਾਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਹ ਚਾਰ-ਪੜਾਵੀਂ ਸਫ਼ਾਈ ਪ੍ਰਣਾਲੀ ਸ਼ਹਿਰਾਂ ਵਿੱਚ ਸਫ਼ਾਈ ਦੇ ਮਿਆਰ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਵੇਗੀ। ਪਹਿਲੇ ਪੜਾਅ ਵਿੱਚ ਘਾਹ ਅਤੇ ਝਾੜੀਆਂ ਦੀ ਸਫ਼ਾਈ, ਦੂਜੇ ਵਿੱਚ ਕੂੜਾ-ਕਰਕਟ ਇਕੱਠਾ ਕਰਨਾ, ਤੀਜੇ ਵਿੱਚ ਮਸ਼ੀਨਾਂ ਨਾਲ ਡੂੰਘੀ ਸਫ਼ਾਈ ਅਤੇ ਅੰਤ ਵਿੱਚ ਸੜਕਾਂ ਦੀ ਧੁਆਈ ਕੀਤੀ ਜਾਵੇਗੀ।
ਇਸ ਮੁਹਿੰਮ ਵਿੱਚ ਸਫ਼ਾਈ ਕਰਮਚਾਰੀਆਂ ਦੀ ਭੂਮਿਕਾ ਨੂੰ ਵੀ ਅਹਿਮ ਦੱਸਿਆ ਗਿਆ ਹੈ। ਸਰਕਾਰ ਅਨੁਸਾਰ ਮਸ਼ੀਨਾਂ ਭਾਰੀ ਅਤੇ ਵੱਡੇ ਪੱਧਰ ਦੇ ਕੰਮ ਨਿਭਾਉਣਗੀਆਂ, ਜਦਕਿ ਸਫ਼ਾਈ ਕਰਮਚਾਰੀ ਬਾਰੀਕੀ ਨਾਲ ਸਫ਼ਾਈ ਨੂੰ ਯਕੀਨੀ ਬਣਾਉਣਗੇ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਮਿਹਨਤ ਘਟੇਗੀ, ਸਗੋਂ ਕੰਮ ਦੀ ਗੁਣਵੱਤਾ ਅਤੇ ਰਫ਼ਤਾਰ ਵਿੱਚ ਵੀ ਵਾਧਾ ਹੋਵੇਗਾ।
ਸਰਕਾਰ ਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਪਟਿਆਲਾ ਦੀਆਂ ਸੜਕਾਂ, ਪਾਰਕਾਂ ਅਤੇ ਜਨਤਕ ਥਾਵਾਂ ‘ਤੇ ਸਫ਼ਾਈ ਦਾ ਸਪੱਸ਼ਟ ਬਦਲਾਅ ਨਜ਼ਰ ਆਵੇਗਾ। ਪਟਿਆਲਾ ਵਿੱਚ ਇਸ ਮਾਡਲ ਦੀ ਸਫ਼ਲਤਾ ਤੋਂ ਬਾਅਦ ਇਸਨੂੰ ਪੂਰੇ ਪੰਜਾਬ ਵਿੱਚ ਲਾਗੂ ਕਰਨ ਦੀ ਯੋਜਨਾ ਹੈ, ਤਾਂ ਜੋ ਸੂਬੇ ਨੂੰ ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਰਾਜਾਂ ਵਿੱਚ ਸ਼ਾਮਲ ਕੀਤਾ ਜਾ ਸਕੇ।








