ਬ੍ਰਿਟਿਸ਼ ਕੋਲੰਬੀਆ, 29 ਅਕਤੂਬਰ (ਸ਼ਹੀਦ-ਏ-ਆਜ਼ਮ ਬਿਊਰੋ): ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਸਰਹੱਦ ਪਾਰ ਤਸਕਰੀ ਦੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਇੱਕ ਟਰੱਕ ਡਰਾਈਵਰ ਖ਼ਿਲਾਫ਼ ਚਾਰ ਅਪਰਾਧਿਕ ਦੋਸ਼ ਤੈਅ ਕੀਤੇ ਗਏ ਹਨ। ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਦੇ ਫੈਡਰਲ ਪੁਲਿਸਿੰਗ ਪੈਸਿਫਿਕ ਖੇਤਰ ਨੇ ਬੁੱਧਵਾਰ ਨੂੰ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਅਨੁਸਾਰ, ਇਹ ਮਾਮਲਾ 22 ਅਕਤੂਬਰ 2025 ਦਾ ਹੈ, ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਐਬਟਸਫੋਰਡ-ਹੰਟਿੰਗਡਨ ਸਰਹੱਦੀ ਲਾਂਘੇ ’ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅਧਿਕਾਰੀਆਂ ਨੇ ਇੱਕ ਵਪਾਰਕ ਟਰੱਕ ਅਤੇ ਉਸ ਦੇ ਟ੍ਰੇਲਰ ਦੀ ਤਲਾਸ਼ੀ ਲਈ ਸੀ। ਟਰੱਕ ਨੂੰ 47 ਸਾਲਾ ਖੁਸ਼ਵਿੰਦਰ ਸਿੰਘ ਗਿੱਲ ਚਲਾ ਰਿਹਾ ਸੀ, ਜੋ ਕੈਨੇਡਾ ਦਾ ਵਸਨੀਕ ਹੈ।ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ ਦੋ ਵੱਡੇ ਬੈਗ ਮਿਲੇ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥ ਹੋਣ ਦੇ ਸ਼ੱਕ ਵਾਲੇ ਇੱਟਾਂ ਵਰਗੇ ਆਕਾਰ ਦੇ 52 ਪੈਕੇਟ ਬਰਾਮਦ ਕੀਤੇ ਗਏ। ਇਸ ਤੋਂ ਬਾਅਦ RCMP ਦੇ ਡਰੱਗਜ਼ ਐਂਡ ਆਰਗੇਨਾਈਜ਼ਡ ਕ੍ਰਾਈਮ ਗਰੁੱਪ-6 ਨੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਅਤੇ ਹੋਰ ਪਦਾਰਥਾਂ ਸਬੰਧੀ ਕਾਨੂੰਨ ਤਹਿਤ ਗਿੱਲ ਨੂੰ ਗ੍ਰਿਫ਼ਤਾਰ ਕੀਤਾ।
ਜਾਂਚ ਪੂਰੀ ਹੋਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਅਦਾਲਤ ਨੇ 19 ਅਕਤੂਬਰ ਨੂੰ ਗਿੱਲ ਖ਼ਿਲਾਫ਼ ਚਾਰ ਅਪਰਾਧਿਕ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ। ਇਨ੍ਹਾਂ ਵਿੱਚ ਕੋਕੀਨ ਦੀ ਗੈਰ-ਕਾਨੂੰਨੀ ਦਰਾਮਦ, ਤਸਕਰੀ ਦੇ ਉਦੇਸ਼ ਨਾਲ ਕੋਕੀਨ ਰੱਖਣਾ, ਹੈਰੋਇਨ ਦੀ ਗੈਰ-ਕਾਨੂੰਨੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਨਾਲ ਹੈਰੋਇਨ ਰੱਖਣ ਦੇ ਦੋਸ਼ ਸ਼ਾਮਲ ਹਨ। ਇਹ ਦੋਸ਼ ਕੈਨੇਡਾ ਦੇ Controlled Drugs and Substances Act ਦੀਆਂ ਧਾਰਾਵਾਂ 6(1) ਅਤੇ 5(2) ਤਹਿਤ ਲਾਏ ਗਏ ਹਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਪੈਸਿਫਿਕ ਹਾਈਵੇਅ ਜ਼ਿਲ੍ਹੇ ਦੇ ਡਾਇਰੈਕਟਰ ਡੇਵਿਡ ਲੀ ਨੇ ਸਰਹੱਦ ’ਤੇ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਰੋਕਣ ਲਈ ਲਗਾਤਾਰ ਚੌਕਸੀ ਜ਼ਰੂਰੀ ਹੈ। ਉਨ੍ਹਾਂ ਮੁਤਾਬਕ, ਇਸ ਮਾਮਲੇ ਵਿੱਚ ਕੀਤੀ ਗਈ ਬਰਾਮਦਗੀ CBSA ਅਤੇ RCMP ਵਿਚਕਾਰ ਤਾਲਮੇਲ ਦਾ ਨਤੀਜਾ ਹੈ। ਇਸੇ ਦੌਰਾਨ, RCMP ਦੇ ਫੈਡਰਲ ਪੁਲਿਸਿੰਗ ਪੈਸਿਫਿਕ ਖੇਤਰ ਦੀ ਡਰੱਗਜ਼ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਸਟਾਫ਼ ਸਾਰਜੈਂਟ ਐਰਿਕ ਕਿਮੂਰਾ ਨੇ ਕਿਹਾ ਕਿ ਵੱਖ-ਵੱਖ ਏਜੰਸੀਆਂ ਵਿਚਕਾਰ ਸਾਂਝੀ ਕਾਰਵਾਈ ਸਰਹੱਦੀ ਲਾਂਘਿਆਂ ਰਾਹੀਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ।






