ਪਟਿਆਲਾ, 7 ਸਤੰਬਰ, 2026 (ਦੀਪਕ ਦੱਤਾ) : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ (ਜੇ.ਜੀ.ਐਨ.ਡੀ. ਪੀ.ਐੱਸ.ਓ.ਯੂ.), ਪਟਿਆਲਾ ਦੇ ਸਥਾਪਨਾ ਦਿਵਸ ਦੇ ਪਾਵਨ ਮੌਕੇ ’ਤੇ ਯੂਨੀਵਰਸਿਟੀ ਲਈ ਇੱਕ ਹੋਰ ਮਹੱਤਵਪੂਰਨ ਅਕਾਦਮਿਕ ਉਪਲਬਧੀ ਦਰਜ ਹੋਈ ਹੈ।ਇਸ ਮੌਕੇ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਵੱਲੋਂ ਲਿਖੀ ਅੰਤਰਰਾਸ਼ਟਰੀ ਪੁਸਤਕ “Fundamentals of Cyber Law and Cyber Ethics” ਪ੍ਰਕਾਸ਼ਿਤ ਕੀਤੀ ਗਈ।ਇਹ ਪੁਸਤਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ.( ਡਾ.) ਰਤਨ ਸਿੰਘ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਗੌਰਵ ਧੀਮਾਨ ਵੱਲੋਂ ਸਾਂਝੇ ਤੌਰ ’ਤੇ ਲਿਖੀ ਗਈ ਹੈ। ਪੁਸਤਕ ਦਾ ਪ੍ਰਕਾਸ਼ਨ Eucalypt Press, Australia ਵੱਲੋਂ ਕੀਤਾ ਗਿਆ ਹੈ, ਜੋ ਯੂਨੀਵਰਸਿਟੀ ਦੇ ਅਕਾਦਮਿਕ ਅਤੇ ਖੋਜ ਕਾਰਜਾਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਪੁਸਤਕ ਵਿੱਚ ਸਾਈਬਰ ਕਾਨੂੰਨ ਅਤੇ ਸਾਈਬਰ ਨੈਤਿਕਤਾ ਨਾਲ ਸਬੰਧਤ ਬੁਨਿਆਦੀ ਧਾਰਨਾਵਾਂ ਨੂੰ ਸਰਲ ਅਤੇ ਵਿਸਤ੍ਰਿਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੇ ਤੇਜ਼ੀ ਨਾਲ ਹੋ ਰਹੇ ਵਿਕਾਸ ਕਾਰਨ ਪੈਦਾ ਹੋ ਰਹੀਆਂ ਕਾਨੂੰਨੀ, ਸਮਾਜਿਕ ਅਤੇ ਨੈਤਿਕ ਚੁਣੌਤੀਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਪੁਸਤਕ ਸਾਈਬਰ ਕਾਨੂੰਨ, ਸਾਈਬਰ ਸੁਰੱਖਿਆ, ਡਿਜ਼ੀਟਲ ਗਵਰਨੈਂਸ ਅਤੇ ਸਾਈਬਰ ਨੈਤਿਕਤਾ ਦੇ ਖੇਤਰ ਵਿੱਚ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਅਤੇ ਪੇਸ਼ੇਵਰਾਂ ਲਈ ਲਾਭਦਾਇਕ ਸਾਬਤ ਹੋਵੇਗੀ।
ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਇੱਕ ਅੰਤਰਰਾਸ਼ਟਰੀ ਪ੍ਰਕਾਸ਼ਕ ਵੱਲੋਂ ਪੁਸਤਕ ਦਾ ਪ੍ਰਕਾਸ਼ਨ ਜੇ.ਜੀ.ਐਨ.ਡੀ. ਪੀ.ਐੱਸ.ਓ.ਯੂ. ਲਈ ਮਾਣ ਅਤੇ ਗੌਰਵ ਦਾ ਵਿਸ਼ਾ ਹੈ। ਇਹ ਉਪਲਬਧੀ ਯੂਨੀਵਰਸਿਟੀ ਵੱਲੋਂ ਗੁਣਵੱਤਾ-ਪੂਰਨ ਖੋਜ, ਅਕਾਦਮਿਕ ਉੱਤਮਤਾ ਅਤੇ ਉਭਰ ਰਹੀਆਂ ਤਕਨਾਲੋਜੀਕਲ ਅਤੇ ਸਮਾਜਿਕ ਚੁਣੌਤੀਆਂ ’ਤੇ ਕੇਂਦਰਿਤ ਵਿਦਵਤਾਪੂਰਨ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਇਸ ਅਕਾਦਮਿਕ ਪ੍ਰਾਪਤੀ ’ਤੇ ਯੂਨੀਵਰਸਿਟੀ ਦੇ ਸਮੂਹ ਅਧਿਆਪਕਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪ੍ਰੋ. ਡਾ. ਰਤਨ ਸਿੰਘ ਅਤੇ ਡਾ. ਗੌਰਵ ਧੀਮਾਨ ਨੂੰ ਵਧਾਈ ਦਿੱਤੀ। ਯੂਨੀਵਰਸਿਟੀ ਭਾਈਚਾਰੇ ਨੇ ਆਸ ਪ੍ਰਗਟ ਕੀਤੀ ਕਿ ਇਹ ਪੁਸਤਕ ਸਾਈਬਰ ਸੁਰੱਖਿਆ, ਸਾਈਬਰ ਕਾਨੂੰਨ, ਡਿਜ਼ੀਟਲ ਗਵਰਨੈਂਸ ਅਤੇ ਸਾਈਬਰ ਨੈਤਿਕਤਾ ਦੇ ਖੇਤਰਾਂ ਵਿੱਚ ਹੋਰ ਖੋਜ ਅਤੇ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ ਲਈ ਪ੍ਰੇਰਣਾ ਦਾ ਸਰੋਤ ਬਣੇਗੀ।
