ਪਟਿਆਲਾ, 21 ਸਤੰਬਰ, 2026 (ਬਲਜੀਤ ਸਰਨਾ): ਥਾਪਰ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਲਗਭਗ 200 ਤੋਂ 300 ਸਾਲ ਪੁਰਾਣੇ ਡੇਰੇ ਨੂੰ ਹਟਾਉਣ ਦੀ ਚਰਚਾ ਨੂੰ ਲੈ ਕੇ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੰਗਤ ਦਾ ਕਹਿਣਾ ਹੈ ਕਿ ਇਹ ਅਸਥਾਨ ਕਈ ਪੀੜ੍ਹੀਆਂ ਤੋਂ ਉਨ੍ਹਾਂ ਦੀ ਆਸਥਾ ਦਾ ਕੇਂਦਰ ਰਿਹਾ ਹੈ, ਜਿੱਥੇ ਬਾਬਾ ਸ੍ਰੀ ਚੰਦ ਜੀ ਦਾ ਗੁਰਦੁਆਰਾ ਸਾਹਿਬ, ਸ਼ਿਵ ਮੰਦਰ ਅਤੇ ਗੁੱਗਾ ਮਾੜੀ ਸਥਿਤ ਹਨ। ਸੰਗਤ ਦੇ ਅਨੁਸਾਰ, ਉਨ੍ਹਾਂ ਦੇ ਵਡੇਰੇ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਇਸ ਡੇਰੇ ਵਿੱਚ ਆਉਂਦੇ ਰਹੇ ਹਨ। ਦੂਰ-ਦੁਰਾਡੇ ਦੇ ਪਿੰਡਾਂ ਤੋਂ ਵੀ ਸ਼ਰਧਾਲੂ ਇੱਥੇ ਮੱਥਾ ਟੇਕਣ ਪਹੁੰਚਦੇ ਹਨ ਅਤੇ ਇਸ ਸਥਾਨ ਨਾਲ ਲੋਕਾਂ ਦੀ ਡੂੰਘੀ ਧਾਰਮਿਕ ਆਸਥਾ ਜੁੜੀ ਹੋਈ ਹੈ।
ਡੇਰੇ ਦੇ ਗੱਦੀਨਸ਼ੀਨ ਬਾਬਾ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਇਸ ਡੇਰੇ ਦੀ ਸੇਵਾ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਪੁਰਾਣੀਆਂ ਸਮਾਧਾਂ ਵੀ ਬਣੀਆਂ ਹੋਈਆਂ ਹਨ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰਾ ਸਾਹਿਬ, ਗੁੱਗਾ ਮਾੜੀ ਅਤੇ ਸ਼ਿਵ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਹਨ। ਉਨ੍ਹਾਂ ਨਗਰ ਨਿਗਮ ਪਟਿਆਲਾ ਅਤੇ ਥਾਪਰ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਸ ਪ੍ਰਾਚੀਨ ਧਾਰਮਿਕ ਸਥਾਨ ਨੂੰ ਹਟਾਇਆ ਨਾ ਜਾਵੇ।
ਉੱਥੇ ਹੀ, ਡੇਰੇ ਵਿੱਚ ਪਹੁੰਚੇ ਇੱਕ ਬਜ਼ੁਰਗ ਨੇ ਦੱਸਿਆ ਕਿ ਉਹ ਖ਼ੁਦ ਪਿਛਲੇ 68 ਸਾਲਾਂ ਤੋਂ ਇੱਥੇ ਆ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦਾ ਇਸ ਸਥਾਨ ਨਾਲ ਜੁੜਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਸ਼ਰਧਾ ਨਾਲ ਪਹੁੰਚਦੀ ਹੈ। ਬਜ਼ੁਰਗ ਨੇ ਪੰਜਾਬ ਸਰਕਾਰ ਤੋਂ ਵੀ ਅਪੀਲ ਕੀਤੀ ਕਿ ਇਸ ਸਥਾਨ ਨੂੰ ਹਟਾਉਣ ਦੀ ਬਜਾਏ ਇਸ ਦੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾਵੇ। ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਫਿਲਹਾਲ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੋ ਵੀ ਯੋਗ ਹੱਲ ਸੰਭਵ ਹੋਵੇਗਾ, ਉਹ ਕੀਤਾ ਜਾਵੇਗਾ।






