ਪੀਐੱਮ-ਕਿਸਾਨ ਯੋਜਨਾ ਦੀ 24ਵੀਂ ਕਿਸ਼ਤ ਤਹਿਤ 19 ਹਜ਼ਾਰ ਕਰੋੜ ਰੁਪਏ ਕਰਨਗੇ ਜਾਰੀ, ਅਹਿਮਦਾਬਾਦ ਮੈਟਰੋ ਦੇ ਵਿਸਥਾਰ ਦੀ ਵੀ ਰੱਖਣਗੇ ਨੀਂਹ
ਅਹਿਮਦਾਬਾਦ, 30 ਅਕਤੂਬਰ, 2026 (ਸ਼ਹੀਦ-ਏ-ਆਜ਼ਮ-ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਗੁਜਰਾਤ ਦੇ ਦੋ ਦਿਨਾਂ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਉਹ ਸੂਬੇ ਨੂੰ ਲਗਭਗ 14 ਹਜ਼ਾਰ ਕਰੋੜ ਰੁਪਏ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦਾ ਤੋਹਫ਼ਾ ਦੇਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਯੋਜਨਾ ਦੀ 24ਵੀਂ ਕਿਸ਼ਤ ਤਹਿਤ 19 ਹਜ਼ਾਰ ਕਰੋੜ ਰੁਪਏ ਜਾਰੀ ਕਰਨਗੇ ਅਤੇ ਦੋ ਨਵੀਆਂ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ। ਅਧਿਕਾਰੀਆਂ ਅਨੁਸਾਰ ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਏਕਤਾ ਨਗਰ ਵੀ ਜਾਣਗੇ, ਜਿੱਥੇ ਸਰਦਾਰ ਵੱਲਭਭਾਈ ਪਟੇਲ ਦੀ ਵਿਸ਼ਾਲ ਸਟੈਚੂ ਆਫ ਯੂਨਿਟੀ ਸਥਿਤ ਹੈ। ਇੱਥੇ ਉਹ ‘ਭਾਰਤ ਪਰਵ 2026’ ਦਾ ਉਦਘਾਟਨ ਕਰਨਗੇ ਅਤੇ ਨਰਮਦਾ ਆਰਤੀ ਵਿੱਚ ਸ਼ਾਮਲ ਹੋਣਗੇ।
ਬਨਾਸਕਾਂਠਾ ਵਿੱਚ ਪਸ਼ੂ ਪਾਲਣ ਖੇਤਰ ਨਾਲ ਜੁੜੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
30 ਅਕਤੂਬਰ ਨੂੰ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਬਨਾਸਕਾਂਠਾ ਵਿੱਚ ਐਂਬ੍ਰਿਓ ਟ੍ਰਾਂਸਫਰ ਟੈਕਨਾਲੋਜੀ ਅਤੇ ਇਨ-ਵਿਟਰੋ ਫਰਟੀਲਾਈਜ਼ੇਸ਼ਨ (IVF) ਪ੍ਰਯੋਗਸ਼ਾਲਾ ਦਾ ਦੌਰਾ ਕਰਨਗੇ। ਇਸ ਦੇ ਨਾਲ ਹੀ ਉਹ 127 ਏਕੜ ਵਿੱਚ ਫੈਲੇ ‘ਭਾਰਤ ਬੋਵਾਈਨ ਬਰੀਡਿੰਗ ਐਂਡ ਰਿਸਰਚ ਸੈਂਟਰ’ ਦਾ ਵੀ ਦੌਰਾ ਕਰਨਗੇ ਅਤੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨੇ ਇਸ ਪ੍ਰੋਜੈਕਟ ਨੂੰ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਵਿੱਚ ਵਿਗਿਆਨ ਅਤੇ ਨਵੀਨਤਾ ਰਾਹੀਂ ਕਿਸਾਨਾਂ ਦੀ ਭਲਾਈ ਵੱਲ ਮਹੱਤਵਪੂਰਨ ਕਦਮ ਦੱਸਿਆ ਹੈ।
2,600 ਕਰੋੜ ਨਾਲ ਅਹਿਮਦਾਬਾਦ ਮੈਟਰੋ ਦਾ ਹੋਵੇਗਾ ਵਿਸਥਾਰ
ਗੁਜਰਾਤ ਦੌਰੇ ਦੌਰਾਨ ਮੋਦੀ ਅਹਿਮਦਾਬਾਦ ਮੈਟਰੋ ਦੇ ਫੇਜ਼ 2ਏ ਅਤੇ ਫੇਜ਼ 2ਬੀ ਦੀ ਨੀਂਹ ਰੱਖਣਗੇ। ਫੇਜ਼ 2ਏ ਦੀ ਲੰਬਾਈ ਛੇ ਕਿਲੋਮੀਟਰ ਤੋਂ ਵੱਧ ਹੋਵੇਗੀ, ਜਿਸ ਤਹਿਤ ਕੋਟੇਸ਼ਵਰ ਰੋਡ ਤੋਂ ਹਵਾਈ ਅੱਡੇ ਤੱਕ ਪੰਜ ਸਟੇਸ਼ਨ ਬਣਾਏ ਜਾਣਗੇ। ਇਸੇ ਤਰ੍ਹਾਂ ਫੇਜ਼ 2ਬੀ ਤਹਿਤ ਗਿਫਟ ਸਿਟੀ ਤੋਂ ਸ਼ਾਹਪੁਰ ਤੱਕ 3.3 ਕਿਲੋਮੀਟਰ ਤੋਂ ਵੱਧ ਲੰਬਾ ਮੈਟਰੋ ਮਾਰਗ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਸਟੇਸ਼ਨ ਹੋਣਗੇ। ਇਸ ਤੋਂ ਇਲਾਵਾ ਅਹਿਮਦਾਬਾਦ-ਮਹਿਸਾਣਾ ਰੋਡ (ਸਟੇਟ ਹਾਈਵੇਅ-41) ਨੂੰ ਚਾਰ ਮਾਰਗੀ ਤੋਂ ਅੱਠ ਮਾਰਗੀ ਬਣਾਉਣ ਅਤੇ ਮਜ਼ਬੂਤ ਕਰਨ ਦੀ ਲਗਭਗ 2,600 ਕਰੋੜ ਰੁਪਏ ਦੀ ਯੋਜਨਾ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਸ ਨਾਲ ਅਹਿਮਦਾਬਾਦ ਅਤੇ ਉੱਤਰੀ ਗੁਜਰਾਤ ਵਿਚਕਾਰ ਆਵਾਜਾਈ ਹੋਰ ਸੁਖਾਲੀ ਅਤੇ ਤੇਜ਼ ਹੋਣ ਦੀ ਉਮੀਦ ਹੈ।
4,030 ਨਵੇਂ ਬਾਲ-ਅਨੁਕੂਲ ਆਂਗਣਵਾੜੀ ਕੇਂਦਰਾਂ ਦੀ ਰੱਖਣਗੇ ਨੀਂਹ
ਪ੍ਰਧਾਨ ਮੰਤਰੀ ਗੁਜਰਾਤ ਵਿੱਚ 4,030 ਨਵੇਂ ਬਾਲ-ਅਨੁਕੂਲ ਆਂਗਣਵਾੜੀ ਕੇਂਦਰਾਂ ਦੀ ਨੀਂਹ ਰੱਖਣਗੇ, ਜਦਕਿ ਪਹਿਲਾਂ ਮੁਕੰਮਲ ਹੋ ਚੁੱਕੇ 361 ਕੇਂਦਰਾਂ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ‘ਤੇ ਲਗਭਗ 800 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਕਰੀਬ ਚਾਰ ਲੱਖ ਲੋਕਾਂ ਨੂੰ ਇਸ ਦਾ ਲਾਭ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਤਹਿਤ ਮੁਕੰਮਲ ਹੋਏ 521 ਪ੍ਰੋਜੈਕਟ ਵੀ ਦੇਸ਼ ਨੂੰ ਸਮਰਪਿਤ ਕੀਤੇ ਜਾਣਗੇ। ਇਨ੍ਹਾਂ ‘ਤੇ ਲਗਭਗ 4,950 ਕਰੋੜ ਰੁਪਏ ਦੀ ਲਾਗਤ ਆਈ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਕੋਲਡ ਸਟੋਰੇਜ, ਗੋਦਾਮ, ਸਾਈਲੋ, ਪੌਲੀਹਾਊਸ, ਗ੍ਰੀਨਹਾਊਸ ਅਤੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਨਾਲ ਸਬੰਧਤ ਸਹੂਲਤਾਂ ਸ਼ਾਮਲ ਹਨ।
ਏਕਤਾ ਨਗਰ ਵਿੱਚ ‘ਭਾਰਤ ਪਰਵ 2026’ ਦਾ ਉਦਘਾਟਨ
30 ਅਕਤੂਬਰ ਨੂੰ ਪ੍ਰਧਾਨ ਮੰਤਰੀ ਏਕਤਾ ਨਗਰ ਵਿੱਚ ‘ਭਾਰਤ ਪਰਵ 2026’ ਦੀ ਸ਼ੁਰੂਆਤ ਕਰਨਗੇ। ਇਹ ਮਹੋਤਸਵ ਭਾਰਤ ਦੀ ਸੱਭਿਆਚਾਰਕ ਵਿਰਾਸਤ ਅਤੇ ਰਾਸ਼ਟਰੀ ਏਕਤਾ ਨੂੰ ਸਮਰਪਿਤ ਹੋਵੇਗਾ। ਇਸ ਵਿੱਚ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਲੋਕ ਕਲਾਵਾਂ, ਰਵਾਇਤੀ ਪਕਵਾਨਾਂ, ਹਸਤਕਲਾਵਾਂ, ਸੱਭਿਆਚਾਰਕ ਪ੍ਰਦਰਸ਼ਨਾਂ ਅਤੇ ਸੈਰ-ਸਪਾਟਾ ਸਥਾਨਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਮਹੋਤਸਵ 15 ਨਵੰਬਰ 2026 ਤੱਕ ਜਾਰੀ ਰਹੇਗਾ। ਇਸ ਰਾਹੀਂ ਏਕਤਾ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਦੀ 151ਵੀਂ ਜਯੰਤੀ ਮੌਕੇ ਪ੍ਰਧਾਨ ਮੰਤਰੀ ਸਟੈਚੂ ਆਫ ਯੂਨਿਟੀ ਵਿਖੇ ਸ਼ਰਧਾਂਜਲੀ ਭੇਟ ਕਰਨਗੇ ਅਤੇ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਮੌਕੇ ਉਹ ਏਕਤਾ ਨਗਰ ਵਿੱਚ 400 ਕਰੋੜ ਰੁਪਏ ਤੋਂ ਵੱਧ ਦੀਆਂ ਵਿਕਾਸ ਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।






