ਸਕੋਪਜੇ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੰਗਲਵਾਰ ਨੂੰ ਉੱਤਰੀ ਮੈਸੇਡੋਨੀਆ ਪਹੁੰਚ ਗਈ। ਇਹ ਉਨ੍ਹਾਂ ਦੇ ਤਿੰਨ ਦੇਸ਼ਾਂ ਦੇ ਯੂਰਪੀ ਦੌਰੇ ਦਾ ਦੂਜਾ ਪੜਾਅ ਹੈ, ਜਿਸ ਦਾ ਮਕਸਦ ਭਾਰਤ ਅਤੇ ਯੂਰਪੀ ਦੇਸ਼ਾਂ ਵਿਚਕਾਰ ਰਾਜਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ। ਮੁਰਮੂ ਉੱਤਰੀ ਮੈਸੇਡੋਨੀਆ ਦਾ ਦੌਰਾ ਕਰਨ ਵਾਲੀ ਪਹਿਲੀ ਭਾਰਤੀ ਰਾਸ਼ਟਰਪਤੀ ਬਣ ਗਈ ਹੈ।
ਦੌਰੇ ਦੌਰਾਨ ਰਾਸ਼ਟਰਪਤੀ ਮੁਰਮੂ ਉੱਤਰੀ ਮੈਸੇਡੋਨੀਆ ਦੀ ਰਾਸ਼ਟਰਪਤੀ ਗੋਰਦਾਨਾ ਸਿਲਜਾਨੋਵਸਕਾ-ਦਾਵਕੋਵਾ ਨਾਲ ਦੁਵੱਲੀ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਉਹ ਪ੍ਰਧਾਨ ਮੰਤਰੀ ਹਰਿਸਟੀਜਾਨ ਮਿਕੋਸਕੀ ਅਤੇ ਸੰਸਦ ਦੇ ਸਪੀਕਰ ਅਫਰੀਮ ਗਾਸ਼ੀ ਨਾਲ ਵੀ ਮੁਲਾਕਾਤ ਕਰਨਗੇ। ਰਾਸ਼ਟਰਪਤੀ ਉੱਥੇ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ।
ਮੁਰਮੂ ਭਾਰਤ-ਉੱਤਰੀ ਮੈਸੇਡੋਨੀਆ ਵਪਾਰ ਫੋਰਮ ਵਿੱਚ ਵੀ ਹਿੱਸਾ ਲੈਣਗੇ, ਜਿੱਥੇ ਦੋਵੇਂ ਦੇਸ਼ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ‘ਤੇ ਚਰਚਾ ਕਰਨਗੇ। ਖੇਤੀਬਾੜੀ, ਦਵਾਈ ਉਦਯੋਗ, ਵਿਗਿਆਨ ਅਤੇ ਤਕਨਾਲੋਜੀ ਅਤੇ ਸੂਚਨਾ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।
ਆਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਮੁਰਮੂ ਸਕੋਪਜੇ ਸਥਿਤ ਮਦਰ ਟੈਰੇਸਾ ਮੈਮੋਰੀਅਲ ਦਾ ਦੌਰਾ ਵੀ ਕਰਨਗੇ। ਮਦਰ ਟੈਰੇਸਾ ਦਾ ਜਨਮ 26 ਅਗਸਤ 1910 ਨੂੰ ਸਕੋਪਜੇ ਵਿੱਚ ਹੋਇਆ ਸੀ ਅਤੇ ਉਹ 1928 ਤੱਕ ਇੱਥੇ ਰਹੀ ਸੀ। ਬਾਅਦ ਵਿੱਚ ਉਹ ਆਇਰਲੈਂਡ ਗਈ ਅਤੇ ਫਿਰ ਭਾਰਤ ਆ ਕੇ ਮਨੁੱਖਤਾ ਦੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕੀਤਾ।
ਸਕੋਪਜੇ ਦੇ ਕੇਂਦਰ ਵਿੱਚ ਸਥਿਤ ਇਹ ਮੈਮੋਰੀਅਲ 2009 ਵਿੱਚ ਸਥਾਪਿਤ ਕੀਤਾ ਗਿਆ ਸੀ। ਮਦਰ ਟੈਰੇਸਾ ਨੂੰ ਸਾਲ 1980 ਵਿੱਚ ਭਾਰਤ ਦੇ ਸਰਵੋਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਨਿਵਾਜਿਆ ਗਿਆ ਸੀ।
ਆਪਣੇ ਯੂਰਪੀ ਦੌਰੇ ਦੇ ਆਖਰੀ ਪੜਾਅ ਵਿੱਚ ਰਾਸ਼ਟਰਪਤੀ ਮੁਰਮੂ 23 ਤੋਂ 25 ਜੁਲਾਈ ਤੱਕ ਰੋਮਾਨੀਆ ਦਾ ਦੌਰਾ ਕਰਨਗੇ। ਇਹ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਕਿਸੇ ਭਾਰਤੀ ਰਾਸ਼ਟਰਪਤੀ ਦੀ ਰੋਮਾਨੀਆ ਦੀ ਪਹਿਲੀ ਯਾਤਰਾ ਹੋਵੇਗੀ।
