Home ਦੇਸ਼ ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ...

ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਨਾਲ ਕਰਨਗੇ ਸਨਮਾਨਿਤ

President Droupadi Murmu will confer the National Teachers Awards on 48 school teachers on Teachers’ Day, September 5, 2026.

0

ਨਵੀਂ ਦਿੱਲੀ, 22 ਅਗਸਤ 2026 (ਜਗਦੇਵ ਸਿੰਘ ਜੱਗੀ) : ਅਧਿਆਪਕ ਦਿਵਸ ਦੇ ਮੌਕੇ ’ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੇਸ਼ ਦੇ 48 ਸਕੂਲ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਦਾਨ ਕਰਨਗੇ। ਸਮਾਰੋਹ ਦੌਰਾਨ ਪੁਰਸਕਾਰ ਪ੍ਰਾਪਤ ਕਰਨ ਵਾਲੇ ਹਰੇਕ ਅਧਿਆਪਕ ਦੇ ਸ਼ਾਨਦਾਰ ਕੰਮ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦਰਸਾਉਂਦੀਆਂ ਛੋਟੀਆਂ ਡਾਕੂਮੈਂਟਰੀਆਂ ਵੀ ਦਿਖਾਈਆਂ ਜਾਣਗੀਆਂ।

ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਹਰ ਸਾਲ ਅਧਿਆਪਕ ਦਿਵਸ ’ਤੇ ਇਹ ਰਾਸ਼ਟਰੀ ਪੱਧਰੀ ਸਮਾਗਮ ਕਰਵਾਇਆ ਜਾਂਦਾ ਹੈ। ਇਨ੍ਹਾਂ ਪੁਰਸਕਾਰਾਂ ਲਈ ਅਧਿਆਪਕਾਂ ਦੀ ਚੋਣ ਪਾਰਦਰਸ਼ੀ ਅਤੇ ਆਨਲਾਈਨ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ। ਰਾਸ਼ਟਰੀ ਅਧਿਆਪਕ ਪੁਰਸਕਾਰ ਉਨ੍ਹਾਂ ਉੱਤਮ ਅਧਿਆਪਕਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹਨ, ਜਿਨ੍ਹਾਂ ਨੇ ਆਪਣੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਨਾਲ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਸਾਲ 2026 ਦੇ ਪੁਰਸਕਾਰਾਂ ਲਈ ਯੋਗ ਅਧਿਆਪਕਾਂ ਤੋਂ 15 ਜੂਨ ਤੋਂ 20 ਜੁਲਾਈ ਤੱਕ ਸਿੱਖਿਆ ਮੰਤਰਾਲੇ ਦੇ ਪੋਰਟਲ ਰਾਹੀਂ ਆਨਲਾਈਨ ਸਵੈ-ਨਾਮਜ਼ਦਗੀਆਂ ਮੰਗੀਆਂ ਗਈਆਂ ਸਨ। ਇਸ ਤੋਂ ਬਾਅਦ ਜ਼ਿਲ੍ਹਾ, ਸੂਬਾ ਅਤੇ ਰਾਸ਼ਟਰੀ ਪੱਧਰ ’ਤੇ ਤਿੰਨ ਪੜਾਵਾਂ ਵਾਲੀ ਚੋਣ ਪ੍ਰਕਿਰਿਆ ਰਾਹੀਂ 48 ਅਧਿਆਪਕਾਂ ਦੀ ਚੋਣ ਕੀਤੀ ਗਈ।

ਚੁਣੇ ਗਏ ਅਧਿਆਪਕਾਂ ਵਿੱਚ 27 ਸੂਬਿਆਂ, 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਕੇਂਦਰ ਸਰਕਾਰ ਦੀਆਂ 6 ਸੰਸਥਾਵਾਂ ਨਾਲ ਸਬੰਧਤ ਅਧਿਆਪਕ ਸ਼ਾਮਲ ਹਨ। ਇਨ੍ਹਾਂ 48 ਪੁਰਸਕਾਰ ਜੇਤੂਆਂ ਵਿੱਚ 26 ਪੁਰਸ਼ ਅਤੇ 22 ਮਹਿਲਾ ਅਧਿਆਪਕ ਹਨ। ਇਹ ਸਮਾਗਮ ਦੂਰਦਰਸ਼ਨ ਅਤੇ ਸਿੱਖਿਆ ਮੰਤਰਾਲੇ ਦੇ SWAYAM PRABHA ਚੈਨਲਾਂ ’ਤੇ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਮੰਤਰਾਲੇ ਦੇ ਅਧਿਕਾਰਤ ਵੈੱਬਕਾਸਟ ਪਲੇਟਫਾਰਮ ਅਤੇ ਸੋਸ਼ਲ ਮੀਡੀਆ ਚੈਨਲਾਂ ’ਤੇ ਵੀ ਸਮਾਗਮ ਦੀ ਲਾਈਵ ਸਟ੍ਰੀਮਿੰਗ ਕੀਤੀ ਜਾਵੇਗੀ। ਸਿੱਖਿਆ ਮੰਤਰਾਲੇ ਵੱਲੋਂ ਪੁਰਸਕਾਰ ਜੇਤੂ ਅਧਿਆਪਕਾਂ ਦੀ ਸੂਚੀ ਵੱਖਰੇ ਤੌਰ ’ਤੇ ਜਾਰੀ ਕੀਤੀ ਗਈ ਹੈ। ਇਹ ਸੂਚੀ ਕਿਸੇ ਵੀ ਯੋਗਤਾ ਜਾਂ ਮੈਰਿਟ ਦੇ ਕ੍ਰਮ ਵਿੱਚ ਨਹੀਂ ਹੈ।

 

Exit mobile version