ਔਟਵਾ, 24 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ ) : ਕੈਨੇਡਾ ਦੇ ਪੱਛਮੀ ਸੂਬੇ ਅਲਬਰਟਾ ਵਿੱਚ ਕੈਨੇਡਾ ਨਾਲੋਂ ਵੱਖ ਹੋਣ ਨੂੰ ਲੈ ਕੇ ਕਰਵਾਏ ਗਏ ਅਹਿਮ ਰੈਫ਼ਰੈਂਡਮ ਵਿੱਚ ਵੱਡੀ ਸਫ਼ਲਤਾ ਮਿਲੀ ਹੈ, ਜਿੱਥੇ 75 ਫ਼ੀਸਦੀ ਤੋਂ ਵੱਧ ਨਾਗਰਿਕਾਂ ਨੇ ਕੈਨੇਡਾ ਦੇ ਨਾਲ ਰਹਿਣ ਦੇ ਪੱਖ ਵਿੱਚ ਫ਼ਤਵਾ ਦਿੱਤਾ ਹੈ। ਇਸ ਇਤਿਹਾਸਕ ਨਤੀਜੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਸਰਕਾਰ ਦੇਸ਼ ਵਿੱਚ ਪ੍ਰਵਾਸੀਆਂ ਦੀ ਵਧ ਰਹੀ ਗਿਣਤੀ ਨੂੰ ਕਾਬੂ ਹੇਠ ਲਿਆਉਣ ਲਈ ਹੁਣ ਹੋਰ ਸਖ਼ਤ ਅਤੇ ਠੋਸ ਕਦਮ ਚੁੱਕੇਗੀ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਹ ਅਹੁਦੇ ‘ਤੇ ਹਨ, ਵੱਖਵਾਦ ਨੂੰ ਲੈ ਕੇ ਕੋਈ ਦੂਜਾ ਰੈਫ਼ਰੈਂਡਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਮੌਜੂਦਾ ਸਰਕਾਰ ਸੂਬੇ ਦੇ ਕੁਦਰਤੀ ਸਰੋਤਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਨਹੀਂ ਕਰੇਗੀ। ਦੂਜੇ ਪਾਸੇ, ਰੈਫ਼ਰੈਂਡਮ ਵਿੱਚ ਸ਼ਾਮਲ ਇਮੀਗ੍ਰੇਸ਼ਨ ਨਾਲ ਜੁੜੇ ਸਵਾਲਾਂ ‘ਤੇ ਵੀ ਵੋਟਰਾਂ ਨੇ ਅਲਬਰਟਾ ਸਰਕਾਰ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਮੰਗ ਕੀਤੀ ਹੈ ਕਿ ਸਿਹਤ ਅਤੇ ਸਿੱਖਿਆ ਵਰਗੀਆਂ ਸਹੂਲਤਾਂ ਲਈ ਘੱਟੋ-ਘੱਟ 12 ਮਹੀਨੇ ਦੀ ਰਿਹਾਇਸ਼ ਲਾਜ਼ਮੀ ਹੋਣੀ ਚਾਹੀਦੀ ਹੈ। ਦੇਸ਼ ਵਿੱਚ ਵੱਧ ਰਹੇ ਜਨਤਕ ਰੋਸ ਨੂੰ ਦੇਖਦਿਆਂ ਹੁਣ ਅਸਥਾਈ ਨਿਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਭਾਰੀ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
