ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਕੇ ਲਏ ਪ੍ਰਬੰਧਾਂ ਦਾ ਜਾਇਜ਼ਾ; ਦਰੱਖਤਾਂ ਦੀ ਛਾਂਟੀ ਅਤੇ ਸਫ਼ਾਈ ਦੇ ਦਿੱਤੇ ਨਿਰਦੇਸ਼, ਪ੍ਰਦਰਸ਼ਨੀ ਨੂੰ ਸ਼ਾਨਦਾਰ ਬਣਾਉਣ ’ਤੇ ਜ਼ੋਰ
ਕੁਰੂਕਸ਼ੇਤਰ, 28 ਅਕਤੂਬਰ, 2026 (ਸੰਜੀਵ ਸ਼ਰਮਾ): ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਪ੍ਰਸਤਾਵਿਤ ਕੁਰੂਕਸ਼ੇਤਰ ਦੌਰੇ ਨਾਲ ਸਬੰਧਤ ਸਾਰੇ ਪ੍ਰਬੰਧ ਨਿਰਧਾਰਤ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਕਿਸੇ ਵੀ ਪੱਧਰ ’ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੇ ਨੋਡਲ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਉਣ ਅਤੇ ਆਪਸੀ ਤਾਲਮੇਲ ਨਾਲ ਕੰਮ ਕਰਨ। ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਬੁੱਧਵਾਰ ਨੂੰ ਲਘੂ ਸਕੱਤਰੇਤ ਦੇ ਸਭਾ ਹਾਲ ਵਿੱਚ ਰਾਸ਼ਟਰਪਤੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਕਰਵਾਈ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਦੌਰਾਨ ਉਨ੍ਹਾਂ ਨੇ ਸਾਰੇ ਪ੍ਰਬੰਧਾਂ ਬਾਰੇ ਇੱਕ-ਇੱਕ ਕਰਕੇ ਵਿਸਥਾਰਪੂਰਵਕ ਜਾਣਕਾਰੀ ਲਈ ਅਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਰਾਸ਼ਟਰਪਤੀ ਦੇ ਰੂਟ ’ਤੇ ਦਰੱਖਤਾਂ ਦੀ ਛਾਂਟੀ ਅਤੇ ਸਫ਼ਾਈ ਦੇ ਨਿਰਦੇਸ਼
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਜੰਗਲਾਤ ਅਧਿਕਾਰੀ (ਡੀਐੱਫਓ) ਨੂੰ ਨਿਰਦੇਸ਼ ਦਿੱਤੇ ਕਿ ਰਾਸ਼ਟਰਪਤੀ ਦੇ ਰੂਟ, ਹੈਲੀਪੈਡ, ਕੁਰੂਕਸ਼ੇਤਰ ਯੂਨੀਵਰਸਿਟੀ ਕੈਂਪਸ, ਭਦਰਕਾਲੀ ਮੰਦਰ ਅਤੇ ਗੁਰੁਕੁਲ ਕੁਰੂਕਸ਼ੇਤਰ ਦੇ ਆਲੇ-ਦੁਆਲੇ ਦੇ ਰਸਤਿਆਂ ’ਤੇ ਦਰੱਖਤਾਂ ਦੀ ਛਾਂਟੀ ਦਾ ਕੰਮ ਤੁਰੰਤ ਮੁਕੰਮਲ ਕੀਤਾ ਜਾਵੇ, ਤਾਂ ਜੋ ਵੀਆਈਪੀ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ। ਉਨ੍ਹਾਂ ਕਿਹਾ ਕਿ ਸੁੱਕੇ ਦਰੱਖਤਾਂ ਅਤੇ ਲਟਕਦੀਆਂ ਟਾਹਣੀਆਂ ਨੂੰ ਤਰਜੀਹ ਦੇ ਆਧਾਰ ’ਤੇ ਹਟਾਇਆ ਜਾਵੇ। ਉਨ੍ਹਾਂ ਨੇ ਡੀਐੱਮਸੀ ਨੂੰ ਸਫ਼ਾਈ ਦੇ ਢੁੱਕਵੇਂ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇ। ਪ੍ਰੋਗਰਾਮ ਵਾਲੀਆਂ ਥਾਵਾਂ, ਵੀਆਈਪੀ ਰੂਟਾਂ, ਸ਼ਹਿਰ ਦੀਆਂ ਮੁੱਖ ਸੜਕਾਂ, ਮੰਦਰ ਕੰਪਲੈਕਸ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਕੂੜਾ ਜਾਂ ਮਲਬਾ ਨਹੀਂ ਹੋਣਾ ਚਾਹੀਦਾ। ਨਗਰ ਕੌਂਸਲ ਦੀਆਂ ਟੀਮਾਂ ਦਿਨ-ਰਾਤ ਸਫ਼ਾਈ ਦੇ ਕੰਮ ਵਿੱਚ ਜੁਟੀਆਂ ਰਹਿਣ। ਇਸ ਤੋਂ ਇਲਾਵਾ ਉਨ੍ਹਾਂ ਨੇ ਸਟਰੀਟ ਲਾਈਟਾਂ ਦੀ ਮੁਰੰਮਤ ਅਤੇ ਸੜਕਾਂ ਦੇ ਟੋਏ ਭਰਨ ਦੇ ਵੀ ਨਿਰਦੇਸ਼ ਦਿੱਤੇ।
ਸੁਰੱਖਿਆ, ਆਵਾਜਾਈ ਅਤੇ ਹੋਰ ਪ੍ਰਬੰਧਾਂ ਦੀ ਸਮੀਖਿਆ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਮੀਟਿੰਗ ਦੌਰਾਨ ਹੈਲੀਪੈਡ, ਆਵਾਜਾਈ, ਪਾਰਕਿੰਗ, ਪਾਸ ਅਤੇ ਸੱਦਾ-ਪੱਤਰ, ਮੈਡੀਕਲ ਸਹੂਲਤਾਂ, ਰਿਹਾਇਸ਼, ਗ੍ਰੀਨ ਰੂਮ, ਦੁਪਹਿਰ ਦੇ ਖਾਣੇ, ਸੱਭਿਆਚਾਰਕ ਪ੍ਰੋਗਰਾਮ, ਪ੍ਰੋਗਰਾਮ ਦੀ ਰੂਪਰੇਖਾ ਅਤੇ ਮੀਡੀਆ ਪ੍ਰਬੰਧਾਂ ਸਮੇਤ ਹੋਰ ਸਾਰੇ ਕੰਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਉਨ੍ਹਾਂ ਸਾਰੇ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਕਾਰਜ ਖੇਤਰ ਦਾ ਖ਼ੁਦ ਮੌਕੇ ’ਤੇ ਜਾ ਕੇ ਨਿਰੀਖਣ ਕਰਨ ਅਤੇ ਜੇਕਰ ਕੋਈ ਕਮੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਲਗਭਗ ਪੰਜ ਘੰਟੇ ਕੁਰੂਕਸ਼ੇਤਰ ਵਿੱਚ ਰਹਿਣਗੇ, ਇਸ ਲਈ ਸੁਰੱਖਿਆ ਏਜੰਸੀਆਂ ਨਾਲ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ, ਇਸ ਲਈ ਬਦਲਵੇਂ ਰਸਤਿਆਂ ਅਤੇ ਪਾਰਕਿੰਗ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ।
ਹਰਿਆਣਾ ਦਿਵਸ ਦੀ ਪ੍ਰਦਰਸ਼ਨੀ ਨੂੰ ਸ਼ਾਨਦਾਰ ਬਣਾਉਣ ’ਤੇ ਜ਼ੋਰ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਹਰਿਆਣਾ ਦਿਵਸ ਦੇ ਮੌਕੇ ’ਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਲਗਾਈ ਜਾਣ ਵਾਲੀ ਪ੍ਰਦਰਸ਼ਨੀ ਨੂੰ ਸ਼ਾਨਦਾਰ ਅਤੇ ਆਕਰਸ਼ਕ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨੀ ਵਿੱਚ ਹਰਿਆਣਾ ਦੇ 60 ਸਾਲਾਂ ਦੇ ਮਾਣਮੱਤੇ ਸਫ਼ਰ, ਸੂਬੇ ਦੀ ਤਰੱਕੀ ਅਤੇ ਭਵਿੱਖ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਹਰੇਕ ਵਿਭਾਗ ਆਪਣੇ ਸਟਾਲ ਸਮੇਂ ਸਿਰ ਤਿਆਰ ਕਰੇ ਅਤੇ ਪ੍ਰਦਰਸ਼ਨੀ ਵਿੱਚ ਆਧੁਨਿਕ ਤਕਨਾਲੋਜੀ, ਮਾਡਲਾਂ ਅਤੇ ਡਿਜੀਟਲ ਡਿਸਪਲੇਅ ਦੀ ਵਰਤੋਂ ਕੀਤੀ ਜਾਵੇ, ਤਾਂ ਜੋ ਰਾਸ਼ਟਰਪਤੀ ਅਤੇ ਆਮ ਲੋਕ ਹਰਿਆਣਾ ਦੇ ਵਿਕਾਸ ਨੂੰ ਆਸਾਨੀ ਨਾਲ ਸਮਝ ਸਕਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੰਕਜ ਸੇਤੀਆ, ਐੱਸਡੀਐੱਮ ਅਮਨ ਕੁਮਾਰ, ਸਿਟੀ ਮੈਜਿਸਟ੍ਰੇਟ ਆਸ਼ੀਸ਼ ਕੁਮਾਰ, ਰੋਡਵੇਜ਼ ਦੇ ਜੀਐੱਮ ਸਮਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
