ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ
ਪਟਿਆਲਾ, 19 ਨਵੰਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਰਾਜ ਵਿਚ ਸ਼ੋਭਾ ਯਾਤਰਾ ਕਰਵਾਈ ਜਾ ਰਹੀ ਹੈ।ਇਸ ਸਬੰਧੀ ਜਾਇਜ਼ਾ ਲੈਂਦਿਆਂ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਦੀਪ ਬਾਵਾ ਨੇ ਦਸਿਆ ਕਿ ਇਹ ਸ਼ੋਭਾ ਯਾਤਰਾ ਪਟਿਆਲਾ ਵਿਖੇ 2 ਦਸੰਬਰ ਨੂੰ ਪਾਤੜਾਂ, ਸਮਾਣਾ ਰਾਹੀਂ ਆਉਂਦੇ ਹੋਏ ਪਟਿਆਲਾ ਵਿਖੇ ਪਹੁੰਚੇਗੀ ਅਤੇ ਮਿਤੀ 03 ਦਸੰਬਰ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਰਵਾਨਾ ਹੋਵੇਗੀ। ਮੀਟਿੰਗ ਦੌਰਾਨ ਪਾਲਕੀ ਸਾਹਿਬ ਦੇ ਰੂਟ ’ਤੇ ਸਫ਼ਾਈ, ਸਜਾਵਟ, ਰੋਸ਼ਨੀ, ਟ੍ਰੈਫ਼ਿਕ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸੁਵਿਧਾ, ਮੈਡੀਕਲ ਸਹੂਲਤ, ਸੁਰੱਖਿਆ ਪ੍ਰਬੰਧ ਅਤੇ ਭੀੜ ਪ੍ਰਬੰਧਨ ਨਾਲ ਜੁੜੇ ਮੁੱਖ ਬਿੰਦੂਆਂ ਉੱਤੇ ਚਰਚਾ ਕੀਤੀ ਗਈ। ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਹਜ਼ਾਰਾਂ ਸੰਗਤਾਂ ਨੂੰ ਕਿਸੇ ਵੀ ਤਰਾ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ, ਨਗਰ ਨਿਗਮ, ਲੋਕ ਨਿਰਮਾਣ ਵਿਭਾਗ , ਵਾਟਰ ਸਪਲਾਈ, ਫੋਰੈਸਟ ਵਿਭਾਗ, ਫਾਇਰ ਬ੍ਰਿਗੇਡ, ਪਬਲਿਕ ਹੈਲਥ, ਐਮਰਜੈਂਸੀ ਸਰਵਿਸਜ਼ ਅਤੇ ਐਸ.ਡੀ.ਐਮਜ਼ ਨੂੰ ਆਪਣੀ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ। ਪੁਲਿਸ ਵਿਭਾਗ ਨੂੰ ਟ੍ਰੈਫ਼ਿਕ ਡਾਇਵਰਜ਼ਨ, ਸੁਰੱਖਿਆ ਘੇਰਾ ਅਤੇ ਰੂਟ ਪਲਾਨ ਸਬੰਧੀ ਖਾਸ ਤਿਆਰੀਆਂ ਕਰਨ ਲਈ ਕਿਹਾ ਗਿਆ। ਨਗਰ ਨਿਗਮ ਨੂੰ ਸਫ਼ਾਈ ਮੁਹਿੰਮ ਤੇ ਧਿਆਨ ਕੇਂਦਰਿਤ ਕਰਦੇ ਹੋਏ ਰੂਟ ’ਤੇ ਖਾਸ ਤੌਰ ’ਤੇ ਵਾਧੂ ਕਰਮਚਾਰੀ ਤੈਨਾਤ ਕਰਨ ਦੇ ਆਦੇਸ਼ ਦਿੱਤੇ ਗਏ। ਪਬਲਿਕ ਹੈਲਥ ਅਤੇ ਵਾਟਰ ਸਪਲਾਈ ਵਿਭਾਗਾਂ ਨੂੰ ਸਾਫ਼ ਪਾਣੀ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕਿਹਾ ਗਿਆ। ਲੋਕ ਨਿਰਮਾਣ ਵਿਭਾਗ ਵੱਲੋਂ ਰੂਟ ’ਤੇ ਸੜਕਾਂ ਦੀ ਮਰੰਮਤ ਅਤੇ ਜ਼ਰੂਰੀ ਸੁਧਾਰ ਕੰਮ ਤੁਰੰਤ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਫਾਇਰ ਬ੍ਰਿਗੇਡ ਨੂੰ ਐਮਰਜੈਂਸੀ ਦੇ ਮੱਦੇਨਜ਼ਰ ਤੁਰੰਤ ਕਾਰਵਾਈ ਲਈ ਅਲਰਟ ਰਹਿਣ ਅਤੇ ਰੂਟ ’ਤੇ ਸਟੈਂਡਬਾਈ ਗੱਡੀਆਂ ਤੈਨਾਤ ਕਰਨ ਲਈ ਕਿਹਾ ਗਿਆ। ਮੀਟਿੰਗ ਦੌਰਾਨ ਅਧਿਕਾਰੀਆਂ ਨੇ ਯਕੀਨ ਦਵਾਇਆ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਸ਼ੋਭਾ ਯਾਤਰਾ ਦਾ ਸਮਾਗਮ ਪੂਰੇ ਆਦਰ-ਸਤਿਕਾਰ ਨਾਲ ਮਨਾਇਆ ਜਾਵੇਗਾ । ਇਸ ਮੌਕੇ ਪੀ ਸੀ ਐਸ ਕੁਲਦੀਪ ਬਾਵਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।






