ਲੁਧਿਆਣਾ 22 ਸਤੰਬਰ 2026, (ਚੌਧਰੀ ਪ੍ਰਭਜੀਤ ਸਿੰਘ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਵਿੰਗ ਵੱਲੋਂ ਹਫ਼ਤਾ ਭਰ ਚੱਲਣ ਵਾਲੀਆਂ ਗਤੀਵਿਧੀਆਂ ਦੌਰਾਨ ਕੈਂਪਸ ਵਿੱਚ ਪੋਸਟਰ ਬਣਾਉਣ ਦਾ ਮੁਕਾਬਲਾ, ਜਲ ਸੇਵਾ ਅਤੇ ਦੋ ਰੋਜ਼ਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਪੋਸਟਰ ਬਣਾਉਣ ਦੇ ਮੁਕਾਬਲੇ ਦਾ ਵਿਸ਼ਾ’ ਜੀਵਨ ਬਚਾਓ’ ਸੀ। ਕੈਂਪਸ ਵਿੱਚ ਲਗਾਏ ਗਏ ਖੂਨਦਾਨ ਕੈਂਪ ਦੌਰਾਨ ਸਮਾਜ ਸੇਵਾ ਵਜੋਂ ਜਾਨਾਂ ਬਚਾਉਣ ਲਈ ਖੂਨ ਦੀਆਂ 60 ਤੋਂ ਵੱਧ ਯੂਨਿਟ ਇਕੱਠੀਆਂ ਕੀਤੀਆਂ ਗਈਆਂ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਐਨ.ਐਸ.ਐਸ. ਵਲੰਟੀਅਰਾਂ ਦੀ ਹੌਸਲਾ-ਅਫਜ਼ਾਈ ਲਈ ਖੂਨਦਾਨ ਕੈਂਪ ਦਾ ਦੌਰਾ ਕੀਤਾ ਅਤੇ ਸਿਵਲ ਹਸਪਤਾਲ, ਜਗਰਾਉਂ ਦੀ ਟੀਮ ਦਾ ਧੰਨਵਾਦ ਕੀਤਾ ਜੋ ਖੂਨ ਇਕੱਠਾ ਕਰ ਲਈ ਉੱਥੇ ਪਹੁੰਚੀ ਸੀ। ਸਿਵਲ ਹਸਪਤਾਲ, ਜਗਰਾਉਂ ਦੇ ਡਾ. ਜੀ.ਐਸ. ਗਰੇਵਾਲ ਨੇ ਕਿਹਾ ਕਿ ਸਾਲ ਭਰ ਨਿਰੰਤਰ ਖੂਨਦਾਨ ਕੈਂਪ ਲਗਾਉਣ ਦੀ ਲੋੜ ਹੈ। ਡਾ. ਜਸਪਾਲ ਸਿੰਘ ਹੁੰਦਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਐਨ.ਐਸ.ਐਸ. ਵਲੰਟੀਅਰਾਂ ਵੱਲੋਂ ਕੀਤੀਆਂ ਗਈਆਂ ਲੋਕ ਭਲਾਈ ਤੀਵਿਧੀਆਂ ਦੀ ਸ਼ਲਾਘਾ ਕੀਤੀ ਅਤੇ ਕੈਂਪ ਦੌਰਾਨ ਸਹਿਯੋਗ ਦੇਣ ਲਈ ‘ਸੰਵੇਦਨਾ ਟਰੱਸਟ’ ਦਾ ਵੀ ਧੰਨਵਾਦ ਕੀਤਾ। ਐਨ.ਐਸ.ਐਸ. ਪ੍ਰੋਗਰਾਮ ਸੰਯੋਜਕ ਡਾ. ਨਿਧੀ ਸ਼ਰਮਾ ਨੇ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰਾਂ ਨੇ ਨਾ ਸਿਰਫ਼ ਖੂਨਦਾਨ ਕੀਤਾ, ਸਗੋਂ ਖੂਨਦਾਨ ਕੈਂਪ ਦੌਰਾਨ ਆਪਣੇ ਹੱਥਾਂ ਵਿੱਚ ਪੋਸਟਰ ਫੜ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਕਿਸਾਨਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਐਨ.ਐਸ.ਐਸ. ਪ੍ਰੋਗਰਾਮ ਅਧਿਕਾਰੀਆਂ – ਡਾ. ਨਿਤਿਨ ਵਾਕਚੌਰੇ, ਡਾ. ਵਿਸ਼ਾਲ ਸ਼ਰਮਾ ਅਤੇ ਡਾ. ਐਸ.ਐਸ. ਹਸਨ ਨੇ ਐਨ.ਐਸ. ਸ. ਵਲੰਟੀਅਰਾਂ ਨਾਲ ਮਿਲ ਕੇ ‘ਪਸ਼ੂ ਪਾਲਣ ਮੇਲੇ’ ਵਿੱਚ ਆਉਣ ਵਾਲੇ ਕਿਸਾਨਾਂ ਲਈ ਨਿਰੰਤਰ ‘ਜਲ ਛਬੀਲ’ ਦਾ ਪ੍ਰਬੰਧ ਵੀ ਕੀਤਾ।







