ਓਟਾਵਾ, 5 ਸਤੰਬਰ 2026 (ਹਰਸ਼ਪ੍ਰੀਤ ਕੌਰ): ਕੈਨੇਡਾ ਦੇ ਵੈਨਕੂਵਰ ਪੁਲਿਸ ਵਿਭਾਗ ਨਾਲ ਲੰਬੇ ਸਮੇਂ ਤੋਂ ਜੁੜੇ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਕੁਲਵਿੰਦਰ (ਕਾਲ) ਦੋਸਾਂਝ ਨੂੰ ਕਥਿਤ ਧੋਖਾਧੜੀ, ਚੋਰੀ ਅਤੇ ਸਰਕਾਰੀ ਅਹੁਦੇ ਨਾਲ ਜੁੜੇ ਭਰੋਸੇ ਦੀ ਉਲੰਘਣਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ 50 ਸਾਲਾ ਦੋਸਾਂਝ ਖ਼ਿਲਾਫ਼ ਲਗਭਗ ਢਾਈ ਸਾਲ ਚੱਲੀ ਗੁਪਤ ਜਾਂਚ ਤੋਂ ਬਾਅਦ ਕੁੱਲ 9 ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ 5,000 ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਦੇ 4 ਅਤੇ 5,000 ਡਾਲਰ ਤੋਂ ਵੱਧ ਦੀ ਚੋਰੀ ਦੇ 4 ਮਾਮਲੇ ਸ਼ਾਮਲ ਹਨ। ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀ ਵਜੋਂ ਭਰੋਸਾ ਤੋੜਨ ਦਾ ਇੱਕ ਦੋਸ਼ ਵੀ ਹੈ। ਜਾਣਕਾਰੀ ਅਨੁਸਾਰ ਦੋਸਾਂਝ ਨੂੰ ਸਰੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਵਿੱਚ 51 ਸਾਲਾ ਸਰਬਜੀਤ ਸਿੰਘ ਗਿੱਲ ਨੂੰ ਵੀ ਸਹਿ-ਮੁਲਜ਼ਮ ਬਣਾਇਆ ਗਿਆ ਹੈ, ਜਿਸ ਖ਼ਿਲਾਫ਼ ਧੋਖਾਧੜੀ ਅਤੇ ਚੋਰੀ ਦੇ ਕੁੱਲ 6 ਦੋਸ਼ ਦਰਜ ਹਨ। ਸਰਕਾਰੀ ਦਸਤਾਵੇਜ਼ਾਂ ਮੁਤਾਬਕ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦੇ ਵਿਚਕਾਰ ਵੈਨਕੂਵਰ, ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਵਿੱਚ ਹੋਏ। ਅਦਾਲਤੀ ਰਿਕਾਰਡ ਮੁਤਾਬਕ ਦੋਸਾਂਝ ਇਸ ਸਮੇਂ ਹਿਰਾਸਤ ਵਿੱਚ ਹੈ ਅਤੇ ਉਸ ਨੂੰ 17 ਸਤੰਬਰ ਨੂੰ ਵੈਨਕੂਵਰ ਪ੍ਰੋਵਿੰਸ਼ੀਅਲ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਸੁਣਵਾਈ ਨਾਲ ਸਬੰਧਤ ਰਿਪੋਰਟਿੰਗ ’ਤੇ ਪਾਬੰਦੀ ਲਗਾਈ ਹੋਈ ਹੈ। ਦੋਸਾਂਝ ਖ਼ਿਲਾਫ਼ ਲੱਗੇ ਦੋਸ਼ ਅਦਾਲਤ ਵਿੱਚ ਸਾਬਤ ਹੋਣੇ ਬਾਕੀ ਹਨ ਅਤੇ ਅੰਤਿਮ ਫ਼ੈਸਲਾ ਨਿਆਂਇਕ ਕਾਰਵਾਈ ਤੋਂ ਬਾਅਦ ਹੀ ਹੋਵੇਗਾ।
