ਕਿੰਸ਼ਾਸਾ, 26 ਸਤੰਬਰ, 2026 (ਹਰਸ਼ਲੀਨ ਸਿੰਘ): ਕਾਂਗੋ ਲੋਕਤਾਂਤਰਿਕ ਗਣਰਾਜ ਵਿੱਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 14 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਦੱਖਣ-ਪੱਛਮੀ ਸ਼ਹਿਰ ਕਿਕਵਿਟ ਤੋਂ ਰਾਜਧਾਨੀ ਕਿੰਸ਼ਾਸਾ ਵਾਪਸ ਆ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਡਾਣ ਦੌਰਾਨ ਤਕਨੀਕੀ ਸਮੱਸਿਆ ਆਉਣ ਤੋਂ ਬਾਅਦ ਜਹਾਜ਼ ਕੈਂਗ ਇਲਾਕੇ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਸਵਾਰ ਕਿਸੇ ਵੀ ਵਿਅਕਤੀ ਦੇ ਬਚਣ ਦੀ ਖ਼ਬਰ ਨਹੀਂ ਹੈ।
ਮ੍ਰਿਤਕਾਂ ਵਿੱਚ ਕਾਂਗੋ ਦੇ ਦੋ ਸੀਨੀਅਰ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਲੈਫਟੀਨੈਂਟ ਜਨਰਲ ਮੁਤੋਂਬੋ ਕਟਲਾਈ ਤਿਏਂਡੇ, ਜੋ ਸੈਨਿਕ ਅਦਾਲਤ ਦੇ ਮੁਖੀ ਸਨ, ਅਤੇ ਲੈਫਟੀਨੈਂਟ ਜਨਰਲ ਬਾਕੁਮੀ ਲਿਕੁਲੀਆ, ਜੋ ਹਥਿਆਰਬੰਦ ਬਲਾਂ ਦੇ ਆਡੀਟਰ ਜਨਰਲ ਦੇ ਅਹੁਦੇ ’ਤੇ ਸਨ, ਸ਼ਾਮਲ ਹਨ।
ਕਾਂਗੋ ਫੌਜ ਦੇ ਬੁਲਾਰੇ ਮੇਜਰ ਜਨਰਲ ਅਫੋਮੀ ਏਕੇਂਗ ਨੇ ਦੋਵਾਂ ਅਧਿਕਾਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਮੁਤਾਬਕ ਜਹਾਜ਼ ਵਿੱਚ ਇੱਕ ਫੌਜੀ ਵਫ਼ਦ ਸਵਾਰ ਸੀ। ਹਾਦਸੇ ਵਿੱਚ ਦੋਵਾਂ ਜਨਰਲਾਂ ਤੋਂ ਇਲਾਵਾ ਵਫ਼ਦ ਦੇ 12 ਮੈਂਬਰ ਅਤੇ ਚਾਲਕ ਦਲ ਦੇ ਲੋਕ ਵੀ ਮਾਰੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਉਡਾਣ ਦੌਰਾਨ ਤਕਨੀਕੀ ਖ਼ਰਾਬੀ ਦੀ ਸੂਚਨਾ ਮਿਲਣ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋਇਆ। ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਤਕਨੀਕੀ ਖ਼ਰਾਬੀ ਆਖ਼ਿਰ ਕਿਸ ਕਾਰਨ ਹੋਈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨਾਗਰਿਕ ਹਵਾਬਾਜ਼ੀ ਅਥਾਰਟੀ ਦੇ ਬੋਰਡ ਦੇ ਚੇਅਰਮੈਨ ਟ੍ਰਾਈਫੋਨ ਕਿਨ-ਕਿਏ ਮੁਲੁੰਬਾ ਨੇ ਵੀ ਕਿਹਾ ਕਿ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਕਾਂਗੋ ਲੋਕਤਾਂਤਰਿਕ ਗਣਰਾਜ ਲੰਬੇ ਸਮੇਂ ਤੋਂ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਖ਼ਾਸ ਕਰਕੇ ਦੇਸ਼ ਦੇ ਪੂਰਬੀ ਹਿੱਸੇ ਵਿੱਚ ਫੌਜ ਕਈ ਹਥਿਆਰਬੰਦ ਸਮੂਹਾਂ ਵਿਰੁੱਧ ਮੁਹਿੰਮ ਚਲਾ ਰਹੀ ਹੈ। ਇਨ੍ਹਾਂ ਵਿੱਚ M23 ਬਾਗੀ ਸਮੂਹ ਪ੍ਰਮੁੱਖ ਹੈ, ਜਿਸ ਨੂੰ ਰਵਾਂਡਾ ਤੋਂ ਸਮਰਥਨ ਮਿਲਣ ਦੇ ਦੋਸ਼ ਲੱਗਦੇ ਰਹੇ ਹਨ। ਹਾਲਾਂਕਿ, ਅਧਿਕਾਰੀਆਂ ਨੇ ਫਿਲਹਾਲ ਜਹਾਜ਼ ਹਾਦਸੇ ਨੂੰ ਜਾਰੀ ਸੰਘਰਸ਼ ਨਾਲ ਜੋੜਨ ਵਾਲੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
