ਉਜਾਗਰ ਸਿੰਘ ਦੀ “ਕਿਤਾਬ “ ਵਿੱਚ 80 ਪੱਤਰਕਾਰਾਂ ਦੀ ਜੀਵਨ-ਯਾਤਰਾ, ਸੰਘਰਸ਼ ਅਤੇ ਪੱਤਰਕਾਰੀ ਵਿਰਾਸਤ ਦਰਜ ।
ਪਟਿਆਲਾ, 6 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਪੱਤਰਕਾਰੀ ਕਿਸੇ ਦੌਰ ਦੇ ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਇਤਿਹਾਸ ਨੂੰ ਦਰਜ ਕਰਨ ਦਾ ਮਹੱਤਵਪੂਰਨ ਸਾਧਨ ਹੈ। ਇਸੇ ਪੱਖ ਨੂੰ ਸਾਹਮਣੇ ਰੱਖਦਿਆਂ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਅਤੇ ਲੇਖਕ ਉਜਾਗਰ ਸਿੰਘ ਦੀ ਕਿਤਾਬ‘ਪਟਿਆਲਵੀ ਪੱਤਰਕਾਰ’ ਪਟਿਆਲਾ ਦੀ ਪੱਤਰਕਾਰੀ ਵਿਰਾਸਤ ਨੂੰ ਸਾਂਭਣ ਵਾਲਾ ਮਹੱਤਵਪੂਰਨ ਦਸਤਾਵੇਜ਼ ਹੈ। ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਵੱਲੋਂ ਛਪੀ ਇਸ ਕਿਤਾਬ ਦੇ 164 ਸਫ਼ੇ ਹਨ ਅਤੇ ਕੀਮਤ 250 ਰੁਪਏ ਹੈ। ਕਿਤਾਬ ਵਿੱਚ ਪਟਿਆਲਾ ਦੀ ਪੱਤਰਕਾਰੀ ਨਾਲ ਜੁੜੇ ਪੱਤਰਕਾਰਾਂ ਦੀ ਜਾਣਕਾਰੀ ਇਕੱਠੀ ਕਰਕੇ ਇੱਕ ਥਾਂ ਦਰਜ ਕੀਤੀ ਗਈ ਹੈ।
ਇਸ ਕਿਤਾਬ ਅਨੁਸਾਰ ਜਲੰਧਰ ਅਤੇ ਚੰਡੀਗੜ੍ਹ ਤੋਂ ਬਾਅਦ ਪਟਿਆਲਾ ਨੇ ਪੰਜਾਬੀ ਪੱਤਰਕਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇੱਕ ਦੌਰ ਵਿੱਚ ਪਟਿਆਲਾ ਤੋਂ ਪੰਜਾਬੀ ਦੇ ਕਈ ਰੋਜ਼ਾਨਾ ਅਤੇ ਹਫ਼ਤਾਵਾਰੀ ਅਖ਼ਬਾਰ ਪ੍ਰਕਾਸ਼ਿਤ ਹੁੰਦੇ ਸਨ। ਲੇਖਕ ਨੇ ਉਸ ਦੌਰ ਨਾਲ ਜੁੜੇ ਪੱਤਰਕਾਰਾਂ ਦੀ ਜਾਣਕਾਰੀ ਇਕੱਠੀ ਕਰਕੇ ਪਟਿਆਲਾ ਦੀ ਪੱਤਰਕਾਰੀ ਦੇ ਇਤਿਹਾਸ ਨੂੰ ਦਰਜ ਕਰਨ ਦਾ ਯਤਨ ਕੀਤਾ ਹੈ।ਇਸ ਕਿਤਾਬ ਵਿੱਚ ਗੁਰਮੁਖੀ ਵਰਣਮਾਲਾ ਅਨੁਸਾਰ 80 ਪੱਤਰਕਾਰਾਂ ਨੂੰ ਵਿਸਥਾਰ ਨਾਲ ਸ਼ਾਮਲ ਕੀਤਾ ਗਿਆ ਹੈ, ਜਦਕਿ 15 ਹੋਰ ਪੱਤਰਕਾਰਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਪੱਤਰਕਾਰਾਂ ਦੇ ਜੀਵਨ, ਅਖ਼ਬਾਰਾਂ ਨਾਲ ਸਬੰਧ, ਪੱਤਰਕਾਰੀ ਖੇਤਰ, ਸਾਹਿਤਕ ਰਚਨਾਵਾਂ, ਯਾਤਰਾਵਾਂ ਅਤੇ ਮਾਣ-ਸਨਮਾਨਾਂ ਸਮੇਤ ਕਈ ਪਹਿਲੂ ਦਰਜ ਹਨ। ਪੁਸਤਕ ਵਿੱਚ ਸ਼ਾਮਲ ਪੱਤਰਕਾਰ 1960 ਜਾਂ ਇਸ ਤੋਂ ਪਹਿਲਾਂ ਦੇ ਜਨਮ ਵਾਲੇ ਦੱਸੇ ਗਏ ਹਨ।
ਇਸ ਕਿਤਾਬ ਵਿੱਚ ਭੂਸ਼ਣ ਸਰਹੰਦੀ ਅਤੇ ਸਰੋਜ ਸਰਹੰਦੀ ਦੀ ਪੱਤਰਕਾਰੀ ਦਾ ਵੀ ਜ਼ਿਕਰ ਹੈ। ਭੂਸ਼ਣ ਸਰਹੰਦੀ ਨੂੰ ਬੇਬਾਕ ਤੇ ਨਿਡਰ ਪੱਤਰਕਾਰ ਵਜੋਂ ਦਰਸਾਇਆ ਗਿਆ ਹੈ, ਜਦਕਿ ਸਰੋਜ ਸਰਹੰਦੀ ਨੇ ਅੱਤਵਾਦ ਦੇ ਦੌਰ ਵਿੱਚ ਮਹਿਲਾ ਪੱਤਰਕਾਰ ਵਜੋਂ ਪੱਤਰਕਾਰੀ ਕੀਤੀ। ਇਸੇ ਤਰ੍ਹਾਂ ਜਗਜੀਤ ਸਿੰਘ ਦਰਦੀ, ਚੌਧਰੀ ਪ੍ਰਭਜੋਤ ਸਿੰਘ, ਵਰਿੰਦਰ ਸਿੰਘ ਵਾਲੀਆ ਅਤੇ ਡਾ. ਹਰਜਿੰਦਰ ਵਾਲੀਆ ਸਮੇਤ ਕਈ ਪੱਤਰਕਾਰਾਂ ਦੀ ਪੱਤਰਕਾਰੀ ਯਾਤਰਾ ਦਰਜ ਕੀਤੀ ਗਈ ਹੈ। ਜਗਜੀਤ ਸਿੰਘ ਦਰਦੀ ਨੂੰ ਪਦਮਸ਼੍ਰੀ ਸਨਮਾਨ ਮਿਲਣ ਦਾ ਜ਼ਿਕਰ ਵੀ ਕਿਤਾਬ ਵਿੱਚ ਹੈ। ਕਿਤਾਬ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਦਾ ਵੀ ਜ਼ਿਕਰ ਹੈ ਜਿਨ੍ਹਾਂ ਨੇ ਪੱਤਰਕਾਰੀ ਦੇ ਨਾਲ ਤਾਲੀਮ ਅਤੇ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਪਾਇਆ। ਪ੍ਰੋ. ਅਵਿਨਾਸ਼ ਸਿੰਘ, ਪ੍ਰੋ. ਕੁਲਬੀਰ ਸਿੰਘ, ਵਰਿੰਦਰ ਸਿੰਘ ਵਾਲੀਆ ਅਤੇ ਡਾ. ਹਰਜਿੰਦਰ ਵਾਲੀਆ ਇਸ ਦੀਆਂ ਮਿਸਲਾਂ ਹਨ।
ਡਿਜੀਟਲ ਅਤੇ ਸੋਸ਼ਲ ਮੀਡੀਆ ਦੇ ਤੇਜ਼ੀ ਨਾਲ ਬਦਲਦੇ ਦੌਰ ਵਿੱਚ ਪੁਰਾਣੀ ਪੀੜ੍ਹੀ ਦੇ ਪੱਤਰਕਾਰਾਂ ਦੇ ਕੰਮਕਾਜ, ਸੰਘਰਸ਼ ਅਤੇ ਪੱਤਰਕਾਰੀ ਦੇ ਤਰੀਕਿਆਂ ਨੂੰ ਦਰਜ ਕਰਨਾ ਮੀਡੀਆ ਇਤਿਹਾਸ ਲਈ ਮਹੱਤਵਪੂਰਨ ਹੈ। ਇਸ ਪੱਖੋਂ ‘ਪਟਿਆਲਵੀ ਪੱਤਰਕਾਰ’ ਕਿਤਾਬ ਸਿਰਫ਼ ਪੱਤਰਕਾਰਾਂ ਦੀਆਂ ਜੀਵਨੀਆਂ ਦਾ ਸੰਗ੍ਰਹਿ ਨਹੀਂ, ਸਗੋਂ ਪਟਿਆਲਾ ਦੀ ਪੱਤਰਕਾਰੀ ਦੀ ਯਾਦ, ਸੰਘਰਸ਼ ਅਤੇ ਵਿਰਾਸਤ ਨੂੰ ਇੱਕ ਥਾਂ ਸਾਂਭਣ ਵਾਲਾ ਇਤਿਹਾਸਿਕ ਦਸਤਾਵੇਜ਼ ਹੈ। “ਪਟਿਆਲਵੀ ਪੱਤਰਕਾਰ” ਕਿਤਾਬ ਸ਼ੁੱਕਰਵਾਰ 9 ਅਕਤੂਬਰ 2026 ਨੂੰ ਪਟਿਆਲਾ ਮੀਡੀਆ ਕਲੱਬ 6-D ਪਾਸੀ ਰੋਡ ਪਟਿਆਲਾ ਵਿਖੇ ਲੋਕ ਅਰਪਣ ਕੀਤੀ ਜਾਵੇਗੀ।
