ਪਟਿਆਲਾ,13 ਜੁਲਾਈ(ਜਗਦੇਵ ਰੰਚਨਾ):ਪਟਿਆਲਾ ਦੇ ਇਤਿਹਾਸਕ ਅਤੇ ਪ੍ਰਸਿੱਧ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿੱਚ ਚੱਲ ਰਹੇ ਵੱਡੇ ਪੱਧਰ ਦੇ ਸੁੰਦਰੀਕਰਨ ਅਤੇ ਨਵ-ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਲਈ ਅੱਜ ਅਗਰਵਾਲ ਸਮਾਜ ਸਭਾ ਅਤੇ ਬਹਾਵਲਪੁਰ ਸਮਾਜ ਦੇ ਮੈਂਬਰਾਂ ਦੇ ਸਾਂਝੇ ਵਫ਼ਦ ਨੇ ਵਿਸ਼ੇਸ਼ ਦੌਰਾ ਕੀਤਾ। ਪੀ ਆਰ ਟੀ ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਅਤੇ ਗਰੀਨ ਮੈਨ ਐਵਾਰਡੀ ਭਗਵਾਨ ਦਾਸ ਜੁਨੇਜਾ ਦੀ ਅਗਵਾਈ ਹੇਠ ਪਹੁੰਚੇ ਇਸ ਵਫ਼ਦ ਨੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ।
ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਅਤੇ ਮੰਦਰ ਐਡਵਾਈਜ਼ਰੀ ਮੈਨੇਜਮੈਂਟ ਕਮੇਟੀ ਦੇ ਪ੍ਰਮੁੱਖ ਮੈਂਬਰਾਂ ਸੀ ਏ ਅਜੈ ਅਲੀਪੁਰੀਆ, ਡਾ. ਰਾਜ ਕੁਮਾਰ ਗੁਪਤਾ ਅਤੇ ਸੰਜੈ ਸਿੰਗਲਾ ਨੇ ਚੱਲ ਰਹੇ ਪ੍ਰਾਜੈਕਟ ਬਾਰੇ ਜਾਣਕਾਰੀ ਸਾਂਝੀ ਕੀਤੀ। ਜੁਨੇਜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਦਰ ਦੇ ਸਰਬਪੱਖੀ ਸੁੰਦਰੀਕਰਨ ’ਤੇ ਲਗਪਗ 82 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਪ੍ਰਾਜੈਕਟ ਤਹਿਤ ਹੁਣ ਤੱਕ 15 ਕਰੋੜ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਆਉਂਦੇ ਸਤੰਬਰ ਮਹੀਨੇ ਤੱਕ ਇਹ ਸੰਗਤ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਪ੍ਰਾਜੈਕਟ ਦੀਆਂ ਵਿਸ਼ੇਸ਼ਤਾਵਾਂ ਦੱਸਦਿਆਂ ਕਿਹਾ ਕਿ ਮੰਦਰ ਵਿੱਚ ਪ੍ਰਵੇਸ਼ ਕਰਨ ਲਈ ਤਿੰਨ ਸ਼ਾਨਦਾਰ ਮੁੱਖ ਦੁਆਰ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦੇਵੀ-ਦੇਵਤਿਆਂ ’ਤੇ ਆਧਾਰਿਤ ਪਵਿੱਤਰ ਸਰੋਵਰ ਦੀ ਪਰਿਕਰਮਾ ਵਿੱਚ ਆਧੁਨਿਕ ‘ਲਾਈਟ ਐਂਡ ਸਾਊਂਡ’ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾਵੇਗਾ, ਜੋ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇਗਾ। ਇਸ ਦੌਰੇ ਦੌਰਾਨ ਅਗਰਵਾਲ ਸਮਾਜ ਸਭਾ ਦੇ ਪਵਨ ਗੋਇਲ, ਸੋਹਿੰਦਰ ਕਾਂਸਲ ਅਤੇ ਬਹਾਵਲਪੁਰ ਸਮਾਜ ਦੇ ਪ੍ਰਧਾਨ ਯਸ਼ਪਾਲ ਕੱਕੜ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਅਰੁਣ ਗਰਗ, ਤਰਸੇਮ ਬਾਂਸਲ, ਨਰਿੰਦਰ ਰਾਹੁਲ ਮਹਿਤਾ, ਚਿੰਟੂ ਕੱਕੜ ਆਦਿ ਮੌਜੂਦ ਸਨ।








