ਪਟਿਆਲਾ, 21 ਜੁਲਾਈ, 2026 (ਹਰਸ਼ਲੀਨ ਸਿੰਘ): ਨਗਰ ਨਿਗਮ ਪਟਿਆਲਾ ਵੱਲੋਂ ਨੇੜਲੇ ਪਿੰਡ ਦੂਧੜ ਵਿੱਚ ਪ੍ਰਸਤਾਵਿਤ ਸੀ.ਬੀ.ਜੀ. (ਬਾਇਓਗੈਸ) ਪਲਾਂਟ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਵਿੱਚ ਰੋਸ ਲਗਾਤਾਰ ਗੂੜ੍ਹਾ ਹੁੰਦਾ ਜਾ ਰਿਹਾ ਹੈ। ਇਸ ਫੈਸਲੇ ਦੇ ਖ਼ਿਲਾਫ਼ ਅੱਜ ਇਲਾਕੇ ਦੇ ਮੋਹਤਬਰਾਂ, ਆਮ ਵਸਨੀਕਾਂ, ਕਿਸਾਨਾਂ ਅਤੇ ਰਾਜਸੀ ਆਗੂਆਂ ਨੇ ਇੱਕਜੁੱਟ ਹੋ ਕੇ ਵਿਸ਼ਾਲ ਰੋਸ ਮਾਰਚ ਕੱਢਿਆ।
ਸਿਹਤ ਅਤੇ ਵਾਤਾਵਰਨ ‘ਤੇ ਪਵੇਗਾ ਮਾੜਾ ਅਸਰ: ਡਾ. ਦਰਸ਼ਨਪਾਲ
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ ਨੇ ਆਖਿਆ ਕਿ ਰਿਹਾਇਸ਼ੀ ਇਲਾਕਿਆਂ ਅਤੇ ਉਪਜਾਊ ਖੇਤੀਬਾੜੀ ਜ਼ਮੀਨ ਦੇ ਨੇੜੇ ਬਾਇਓਗੈਸ ਪਲਾਂਟ ਲਗਾਉਣ ਨਾਲ ਲੋਕਾਂ ਦੀ ਸਿਹਤ, ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ‘ਤੇ ਗੰਭੀਰ ਮਾੜਾ ਪ੍ਰਭਾਵ ਪਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਚਿੰਤਾਵਾਂ ਨੂੰ ਨਜ਼ਰਅੰਦਾਜ਼ ਕਰਕੇ ਅਜਿਹੇ ਪ੍ਰੋਜੈਕਟਾਂ ਨੂੰ ਜ਼ਬਰਦਸਤੀ ਥੋਪਣਾ ਨਹੀਂ ਚਾਹੀਦਾ।
ਪ੍ਰਸ਼ਾਸਨ ਨੂੰ ਦਿੱਤੀ ਤਿੱਖੇ ਸੰਘਰਸ਼ ਦੀ ਚਿਤਾਵਨੀ
ਰੋਸ ਮਾਰਚ ਵਿੱਚ ਸ਼ਾਮਲ ਆਗੂਆਂ ਰਛਪਾਲ ਜੌੜਾਮਾਜਰਾ, ਮਲਕੀਤ ਡਕਾਲਾ, ਜੱਸੀ ਸਰਪੰਚ, ਭੁਪਿੰਦਰ ਸਿੰਘ, ਅਮਰਦੀਪ ਸਿੰਘ, ਹਰਕਿੰਦਰ ਸਿੰਘ ਅਤੇ ਹਰਿੰਦਰ ਸਿੰਘ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜ਼ਬਰਦਸਤੀ ਪਲਾਂਟ ਜਾਂ ਡੰਪ ਲਗਾਉਣ ਦੀ ਕੋਸ਼ਿਸ਼ ਕੀਤੀ, ਤਾਂ ਇਲਾਕਾ ਵਾਸੀ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਅੰਦੋਲਨ ਸ਼ੁਰੂ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਸਾਰੇ ਇਤਰਾਜ਼ਾਂ ਦਾ ਨਿਰਪੱਖ ਨਿਪਟਾਰਾ ਨਹੀਂ ਹੁੰਦਾ, ਉਦੋਂ ਤੱਕ ਇਸ ਪ੍ਰੋਜੈਕਟ ਦੀ ਪ੍ਰਕਿਰਿਆ ‘ਤੇ ਤੁਰੰਤ ਰੋਕ ਲਗਾਈ ਜਾਵੇ।
