ਪਟਿਆਲਾ, 2 ਸਤੰਬਰ, 2026 (ਬਲਜੀਤ ਸਰਨਾ) : ਥਾਣਾ ਅਨਾਜ ਮੰਡੀ ਅਧੀਨ ਆਉਂਦੇ ਇਲਾਕੇ ਵਿੱਚ ਸਾਈਕਲ ਸਵਾਰ ਵਿਅਕਤੀ ਨੂੰ ਅਣਪਛਾਤੀ ਕਾਰ ਵੱਲੋਂ ਟੱਕਰ ਮਾਰਨ ਅਤੇ ਉਸ ਦੀ ਮੌਕੇ ’ਤੇ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਦੀ ਜਾਂਚ ਜਾਰੀ ਹੈ। ਪੁਲਿਸ ਵੱਲੋਂ ਹਾਦਸੇ ਵਿੱਚ ਸ਼ਾਮਲ ਵਾਹਨ ਦੀ ਪਛਾਣ ਲਈ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮੁਤਾਬਕ 26 ਤਰੀਕ ਦੀ ਸਵੇਰ ਨੂੰ ਹਾਦਸੇ ਸਬੰਧੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਥਾਣਾ ਅਨਾਜ ਮੰਡੀ ਵਿੱਚ FIR ਨੰਬਰ 145 ਦਰਜ ਕਰਕੇ BNS ਦੀ ਧਾਰਾ 106 ਅਤੇ 328(1) ਤਹਿਤ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਪੁਲਿਸ ਅਨੁਸਾਰ ਹਾਦਸਾ ਸਰਹੰਦ ਰੋਡ ’ਤੇ ਵਾਪਰਿਆ ਸੀ। ਘਟਨਾ ਤੋਂ ਬਾਅਦ ਪੁਲਿਸ ਟੀਮ ਵੱਲੋਂ ਖੁਫੀਆ ਸੂਤਰਾਂ ਦੇ ਨਾਲ–ਨਾਲ ਵੱਖ–ਵੱਖ ਥਾਵਾਂ ’ਤੇ ਲੱਗੇ CCTV ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ।
CCTV ਫੁਟੇਜ ਨੂੰ ਟਰੇਸ ਕਰਦਿਆਂ ਪੁਲਿਸ ਤ੍ਰਿਪੜੀ ਅਤੇ ਬੜੀ ਬਾਜ਼ਾਰ ਇਲਾਕੇ ਤੱਕ ਪਹੁੰਚ ਚੁੱਕੀ ਹੈ। ਹਾਲਾਂਕਿ ਹਾਦਸਾ ਸਵੇਰ ਦੇ ਹਨੇਰੇ ਸਮੇਂ ਵਾਪਰਨ ਕਾਰਨ ਫੁਟੇਜ ਵਿੱਚ ਕਾਰ ਦੀ ਨੰਬਰ ਪਲੇਟ ਸਪੱਸ਼ਟ ਨਜ਼ਰ ਨਹੀਂ ਆ ਰਹੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਾਹਨ ਦੀ ਪਛਾਣ ਲਈ ਅੱਗੇ ਲੱਗੇ ਹੋਰ CCTV ਕੈਮਰਿਆਂ ਦੀ ਫੁਟੇਜ ਵੀ ਲਗਾਤਾਰ ਚੈੱਕ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਜਲਦ ਹੀ ਕਾਰ ਦਾ ਨੰਬਰ ਟਰੇਸ ਕਰਕੇ ਵਾਹਨ ਦੀ ਪਛਾਣ ਕੀਤੀ ਜਾਵੇਗੀ ਅਤੇ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
