ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਕੀਤੀ ਗ੍ਰਿਫ਼ਤਾਰੀ, ਖੋਹੇ ਹੋਏ ਮੋਬਾਈਲ ਅਤੇ ਮੋਟਰਸਾਈਕਲ ਬਰਾਮਦ
ਪਟਿਆਲਾ, 1 ਜੁਲਾਈ: (ਬਲਜੀਤ ਸਰਨਾ): ਪਟਿਆਲਾ ਪੁਲਿਸ ਨੇ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਆਪਰੇਸ਼ਨ ‘ਪਰਹਾਰ’ ਮੁਹਿੰਮ ਤਹਿਤ ਇੱਕ ਹੋਰ ਅਹਿਮ ਸਫ਼ਲਤਾ ਹਾਸਲ ਕੀਤੀ ਹੈ। ਥਾਣਾ ਲਾਹੋਰੀ ਗੇਟ ਡਿਵੀਜ਼ਨ ਨੰਬਰ-4 ਦੀ ਪੁਲਿਸ ਨੇ ਖੋਹ, ਚੋਰੀ ਅਤੇ ਲੜਾਈ-ਝਗੜੇ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਦੋ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਦੋਵੇਂ ਮੁਲਜ਼ਮ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਘਟਨਾਵਾਂ ਦੀ ਜਾਂਚ ਦੌਰਾਨ ਇਕੱਠੀ ਕੀਤੀ ਗਈ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਪੜਤਾਲ ਕੀਤੀ ਗਈ, ਜਿਸ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਹੋਈ ਅਤੇ ਉਨ੍ਹਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਖੋਹੇ ਗਏ ਕਈ ਮੋਬਾਈਲ ਫੋਨ ਅਤੇ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਦੋਵੇਂ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਪੁੱਛਗਿੱਛ ਦੌਰਾਨ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਹੋ ਸਕਦਾ ਹੈ ਅਤੇ ਚੋਰੀ ਜਾਂ ਖੋਹ ਦਾ ਹੋਰ ਸਾਮਾਨ ਵੀ ਬਰਾਮਦ ਕੀਤਾ ਜਾ ਸਕਦਾ ਹੈ।
ਪਟਿਆਲਾ ਪੁਲਿਸ ਨੇ ਕਿਹਾ ਕਿ ਆਪਰੇਸ਼ਨ ‘ਪਰਹਾਰ’ ਤਹਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਹੋਰ ਤੇਜ਼ ਕੀਤੀਆਂ ਜਾਣਗੀਆਂ।
