Home ਪਟਿਆਲਾ ਅਪਡੇਟ ਪੀ.ਐਮ. ਸਵਨਿਧੀ ਮਹੋਤਸਵ ‘ਚ ਸਮੇਂ ਸਿਰ ਕਰਜ਼ਾ ਮੋੜਨ ਵਾਲੇ ਸਟ੍ਰੀਟ ਵੈਂਡਰਾਂ ਦਾ...

ਪੀ.ਐਮ. ਸਵਨਿਧੀ ਮਹੋਤਸਵ ‘ਚ ਸਮੇਂ ਸਿਰ ਕਰਜ਼ਾ ਮੋੜਨ ਵਾਲੇ ਸਟ੍ਰੀਟ ਵੈਂਡਰਾਂ ਦਾ ਸਨਮਾਨ

Around 150 beneficiaries participated

0
150 ਦੇ ਕਰੀਬ ਲਾਭਪਾਤਰੀਆਂ ਨੇ ਕੀਤੀ ਸ਼ਮੂਲੀਅਤ

ਪਟਿਆਲਾ, 26 ਜੂਨ (ਵਿਸ਼ਾਲ ਗੁਪਤਾ): ਨਗਰ ਨਿਗਮ ਪਟਿਆਲਾ ਵੱਲੋਂ ਪ੍ਰਧਾਨ ਮੰਤਰੀ ਸਵਨਿਧੀ (ਪੀ.ਐਮ. ਸਵਨਿਧੀ) ਯੋਜਨਾ ਤਹਿਤ ‘ਪੀ.ਐਮ. ਸਵਨਿਧੀ ਮਹੋਤਸਵ’ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼ਹਿਰ ਦੇ ਕਰੀਬ 150 ਸਟ੍ਰੀਟ ਵੈਂਡਰਾਂ ਨੇ ਭਾਗ ਲਿਆ। ਸਮਾਗਮ ਦੌਰਾਨ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਸਮੇਂ ਸਿਰ ਕਰਜ਼ਾ ਵਾਪਸ ਕਰਨ ਵਾਲੇ ਵੈਂਡਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।

ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੀ.ਐਮ. ਸਵਨਿਧੀ ਯੋਜਨਾ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ਇੱਕ ਅਹਿਮ ਯੋਜਨਾ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀ ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕਰਦੇ ਹਨ, ਉਹ ਨਾ ਸਿਰਫ਼ ਹੋਰਨਾਂ ਲਈ ਪ੍ਰੇਰਣਾ ਬਣਦੇ ਹਨ, ਸਗੋਂ ਭਵਿੱਖ ਵਿੱਚ ਵੱਡੇ ਕਰਜ਼ਿਆਂ ਅਤੇ ਹੋਰ ਵਿੱਤੀ ਸਹੂਲਤਾਂ ਲਈ ਵੀ ਯੋਗ ਬਣਦੇ ਹਨ।

ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਇਸ ਸਮਾਗਮ ਵਿੱਚ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਕਿਹਾ ਕਿ ਨਿਗਮ ਸਟ੍ਰੀਟ ਵੈਂਡਰਾਂ ਤੱਕ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਪਹੁੰਚਾਉਣ ਲਈ ਲਗਾਤਾਰ ਵਿਸ਼ੇਸ਼ ਕੈਂਪ ਲਗਾ ਰਿਹਾ ਹੈ।

ਸਮਾਗਮ ਵਿੱਚ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਵੈਂਡਰਾਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਪਰੋਸਣ, ਨਿੱਜੀ ਸਫ਼ਾਈ ਅਤੇ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਫ਼ਾਈ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਸੁਰੱਖਿਅਤ ਰਹਿੰਦੀ ਹੈ, ਸਗੋਂ ਵਪਾਰੀਆਂ ਦੀ ਭਰੋਸੇਯੋਗਤਾ ਅਤੇ ਕਾਰੋਬਾਰ ਵਿੱਚ ਵੀ ਵਾਧਾ ਹੁੰਦਾ ਹੈ।

ਇਸ ਮੌਕੇ ਕਈ ਲਾਭਪਾਤਰੀਆਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪੀ.ਐਮ. ਸਵਨਿਧੀ ਯੋਜਨਾ ਤਹਿਤ ਮਿਲੇ ਕਰਜ਼ੇ ਨਾਲ ਉਨ੍ਹਾਂ ਨੇ ਆਪਣਾ ਕਾਰੋਬਾਰ ਵਧਾਇਆ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ।

ਸਮਾਗਮ ਵਿੱਚ ਲੀਡ ਡਿਸਟ੍ਰਿਕਟ ਮੈਨੇਜਰ ਜਸਵਿੰਦਰ ਸ਼ਰਮਾ, ਪੀ.ਐਮ. ਸਵਨਿਧੀ ਯੋਜਨਾ ਦੇ ਨੋਡਲ ਅਫ਼ਸਰ ਸੁਰਜੀਤ ਸਿੰਘ ਚੀਮਾ, ਵੱਖ-ਵੱਖ ਬੈਂਕਾਂ ਦੇ ਸੀਨੀਅਰ ਅਧਿਕਾਰੀ, ਸਿਟੀ ਮਿਸ਼ਨ ਮੈਨੇਜਰ, ਕਮਿਊਨਿਟੀ ਆਰਗੇਨਾਈਜ਼ਰ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਰਹੇ।

Exit mobile version