ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਲਈ ਹਰ ਜ਼ਿਲ੍ਹੇ ‘ਚ ਲਗਾਏ ਜਾ ਰਹੇ ਹਨ 24 ਮੈਡੀਕਲ ਕੈਂਪ: ਸੁਖਵੀਰ ਸਿੰਘ
ਧੂਰੀ, 18 ਸਤੰਬਰ, 2026 ( ਹਰਸ਼ਪ੍ਰੀਤ ਕੌਰ) : ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੇ ਉਪਰਾਲੇ ਤਹਿਤ ਅੱਜ ਧੂਰੀ ਵਿਖੇ ਆਯੂਸ਼ ਕੈਂਪ ਲਗਾਇਆ ਗਿਆ। ਇਸ ਮੁਫ਼ਤ ਹੋਮਿਓਪੈਥਿਕ ਅਤੇ ਆਯੂਰਵੈਦਿਕ ਕੈਂਪ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਸਿਹਤ ਸੰਭਾਲ ਸੇਵਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਸ ਸਾਲ ਹਰੇਕ ਜ਼ਿਲ੍ਹੇ ਵਿੱਚ 24 ਮੈਡੀਕਲ ਕੈਂਪ ਲਗਾਏ ਜਾ ਰਹੇ ਹਨ, ਜਦਕਿ ਪਿਛਲੇ ਸਾਲ ਹਰੇਕ ਜ਼ਿਲ੍ਹੇ ਵਿੱਚ 15 ਕੈਂਪ ਲਗਾਏ ਗਏ ਸਨ।

ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਮੁਫ਼ਤ ਡਾਕਟਰੀ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਆਯੂਰਵੈਦਿਕ ਤੇ ਹੋਮਿਓਪੈਥਿਕ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਸੰਤ ਨਿਰੰਕਾਰੀ ਸਤਿਸੰਗ ਭਵਨ, ਵਿਖ਼ੇ ਲੱਗੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੇ ਸ਼ਿਰਕਤ ਕਰਦਿਆਂ ਸਿਹਤ ਸੇਵਾਵਾਂ ਦਾ ਲਾਭ ਲਿਆ। ਇਹ ਕੈਂਪ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਪੰਜਾਬ, ਡਾਇਰੈਕਟੋਰੇਟ ਆਫ਼ ਆਯੂਰਵੈਦਾ ਪੰਜਾਬ ਅਤੇ ਜ਼ਿਲ੍ਹਾ ਹੋਮਿਓਪੈਥਿਕ ਤੇ ਆਯੁਰਵੈਦਿਕ/ਯੂਨਾਨੀ ਅਫ਼ਸਰ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਉਪਰਾਲੇ ਨੂੰ ਸਫ਼ਲ ਬਣਾਉਣ ਵਿੱਚ ਸੰਤ ਨਿਰੰਕਾਰੀ ਮਿਸ਼ਨ ਅਤੇ ਸਥਾਨਕ ਕਮੇਟੀ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਲੱਖਾ, ਮੈਂਬਰ ਵਕਫ ਬੋਰਡ ਡਾ. ਅਨਵਰ ਭਸੌੜ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਅਮਰਜੋਤ ਕੌਰ, ਗਗਨ ਜਵੰਧਾ, ਰੂਬਲ ਬਾਜਵਾ, ਡਾ. ਰਾਜੀਵ, ਵਿਨੋਦ ਕੁਮਾਰ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।