ਕੁਰੂਕਸ਼ੇਤਰ, 20 ਅਗਸਤ 2026 (ਸੰਜੀਵ ਸ਼ਰਮਾ): ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗਿਰੀਸ਼ ਨਾਗਪਾਲ ਨੇ ਦੱਸਿਆ ਕਿ ਸੀ.ਆਰ.ਐੱਮ. ਸਕੀਮ 2026-27 ਤਹਿਤ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ’ਤੇ 50 ਫੀਸਦੀ ਸਬਸਿਡੀ ਲਈ ਜ਼ਿਲ੍ਹਾ ਕੁਰੂਕਸ਼ੇਤਰ ਦੇ ਕਿਸਾਨਾਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱਖ ਖੇਤੀਬਾੜੀ ਮਸ਼ੀਨਾਂ ਲਈ ਕੁੱਲ 1674 ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਟ੍ਰਾਅ ਬੇਲਰ, ਸਟ੍ਰਾਅ ਰੇਕ, ਐੱਸ.ਐੱਮ.ਐੱਸ., ਹੈਪੀ ਸੀਡਰ/ਸਮਾਰਟ ਸੀਡਰ, ਸਟ੍ਰਾਅ ਚੌਪਰ/ਮਲਚਰ, ਸ਼ਰਬ ਮਾਸਟਰ/ਰੋਟਰੀ ਸਲੈਸ਼ਰ, ਰਿਵਰਸੀਬਲ ਐੱਮ.ਬੀ. ਪਲਾਓ, ਜ਼ੀਰੋ ਡਰਿੱਲ, ਸਪੈਸ਼ਲ ਜ਼ੀਰੋ ਡਰਿੱਲ, ਸੁਪਰ ਸੀਡਰ, ਸਰਫੇਸ ਸੀਡਰ, ਟਰੈਕਟਰ ਮਾਊਂਟਿਡ ਲੋਡਰ (ਬਿਨਾਂ ਟਰੈਕਟਰ), ਟਰੈਕਟਰ ਚਲਿਤ ਟੈਡਰ ਮਸ਼ੀਨ, ਟਰੈਕਟਰ ਮਾਊਂਟਿਡ ਕ੍ਰੌਪ ਰੀਪਰ/ਆਟੋਮੈਟਿਕ ਰੀਪਰ ਬਾਈਂਡਰ ਆਦਿ ’ਤੇ ਸਬਸਿਡੀ ਦਿੱਤੀ ਜਾਣੀ ਹੈ।
ਸੁਪਰ ਸੀਡਰ ਅਤੇ ਸਟ੍ਰਾਅ ਬੇਲਰ ਲਈ ਹੋਵੇਗਾ ਆਨਲਾਈਨ ਡਰਾਅ
ਡਾ. ਗਿਰੀਸ਼ ਨਾਗਪਾਲ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਕਿਸਾਨਾਂ ਵੱਲੋਂ ਸਾਰੇ ਖੇਤੀਬਾੜੀ ਯੰਤਰਾਂ ਲਈ ਕੀਤੀਆਂ ਅਰਜ਼ੀਆਂ ਸਵੀਕਾਰ ਕਰ ਲਈਆਂ ਗਈਆਂ ਹਨ। ਇਸੇ ਤਰ੍ਹਾਂ ਆਮ ਵਰਗ ਦੇ ਕਿਸਾਨਾਂ ਲਈ ਸੁਪਰ ਸੀਡਰ ਅਤੇ ਸਟ੍ਰਾਅ ਬੇਲਰ ਨੂੰ ਛੱਡ ਕੇ ਹੋਰ ਸਾਰੇ ਖੇਤੀਬਾੜੀ ਯੰਤਰਾਂ ਦੀਆਂ ਅਰਜ਼ੀਆਂ ਵੀ ਸਵੀਕਾਰ ਕਰ ਲਈਆਂ ਗਈਆਂ ਹਨ, ਬਸ਼ਰਤੇ ਆਨਲਾਈਨ ਅਪਲੋਡ ਕੀਤੇ ਦਸਤਾਵੇਜ਼ ਵਿਭਾਗੀ ਨਿਯਮਾਂ ਅਨੁਸਾਰ ਹੋਣ। ਉਨ੍ਹਾਂ ਦੱਸਿਆ ਕਿ ਆਮ ਵਰਗ ਵਿੱਚ ਸੁਪਰ ਸੀਡਰ ਅਤੇ ਸਟ੍ਰਾਅ ਬੇਲਰ ਲਈ ਨਿਰਧਾਰਤ ਟੀਚੇ ਨਾਲੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਸ ਲਈ ਇਨ੍ਹਾਂ ਮਸ਼ੀਨਾਂ ਲਈ ਆਨਲਾਈਨ ਡਰਾਅ 21 ਅਗਸਤ ਨੂੰ ਦੁਪਹਿਰ 3 ਵਜੇ ਲਘੂ ਸਕੱਤਰੇਤ ਦੇ ਸਭਾਗਾਰ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੀ ਅਗਵਾਈ ਵਾਲੀ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਕੱਢਿਆ ਜਾਵੇਗਾ। ਡਰਾਅ ਵਿੱਚ ਚੁਣੇ ਗਏ ਕਿਸਾਨਾਂ ਦੀਆਂ ਸੂਚੀਆਂ ਸਹਾਇਕ ਖੇਤੀਬਾੜੀ ਇੰਜੀਨੀਅਰ, ਕੁਰੂਕਸ਼ੇਤਰ ਦੇ ਦਫ਼ਤਰ ਵਿੱਚ ਕਿਸਾਨਾਂ ਦੇ ਵੇਖਣ ਲਈ ਲਗਾਈਆਂ ਜਾਣਗੀਆਂ।
25 ਅਗਸਤ ਤੱਕ ਜਾਰੀ ਹੋਣਗੇ ਆਨਲਾਈਨ ਪਰਮਿਟ
ਸਹਾਇਕ ਖੇਤੀਬਾੜੀ ਇੰਜੀਨੀਅਰ ਰਾਜੇਸ਼ ਵਰਮਾ ਨੇ ਦੱਸਿਆ ਕਿ ਸਾਰੇ ਖੇਤੀਬਾੜੀ ਯੰਤਰਾਂ ਲਈ ਆਨਲਾਈਨ ਅਪਲੋਡ ਕੀਤੇ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ 25 ਅਗਸਤ 2026 ਤੱਕ ਆਨਲਾਈਨ ਪਰਮਿਟ ਜਾਰੀ ਕੀਤੇ ਜਾਣਗੇ। ਕਿਸਾਨ 10 ਸਤੰਬਰ 2026 ਤੱਕ ਆਪਣੇ ਪਰਮਿਟ ਡਾਊਨਲੋਡ ਕਰਕੇ ਮਸ਼ੀਨਾਂ ਦੀ ਖਰੀਦ ਕਰ ਸਕਦੇ ਹਨ। ਖੇਤੀਬਾੜੀ ਯੰਤਰ ਖਰੀਦਣ ਤੋਂ ਬਾਅਦ ਕਿਸਾਨਾਂ ਵੱਲੋਂ ਆਪਣੇ ਬਿੱਲ, ਈ-ਵੇ ਬਿੱਲ ਅਤੇ ਲੋਕੇਸ਼ਨ ਆਧਾਰਿਤ ਫੋਟੋ ਡੀਲਰ ਰਾਹੀਂ ਪੋਰਟਲ ’ਤੇ ਅਪਲੋਡ ਕਰਵਾਉਣ ਦੀ ਆਖਰੀ ਮਿਤੀ 15 ਸਤੰਬਰ 2026 ਨਿਰਧਾਰਤ ਕੀਤੀ ਗਈ ਹੈ। ਬਿੱਲ ਅਪਲੋਡ ਹੋਣ ਤੋਂ ਬਾਅਦ ਕਿਸਾਨਾਂ ਨੂੰ ਬਿੱਲ ਦੀ ਮੂਲ ਕਾਪੀ, ਈ-ਵੇ ਬਿੱਲ, ਖੇਤੀਬਾੜੀ ਯੰਤਰ ਨਾਲ ਲੋਕੇਸ਼ਨ ਆਧਾਰਿਤ ਫੋਟੋ, ਪਰਮਿਟ, ਅਰਜ਼ੀ ਦਾ ਪ੍ਰਿੰਟ, ਟਰੈਕਟਰ ਦੀ ਆਰ.ਸੀ., ਪੈਨ ਕਾਰਡ ਅਤੇ ਫੈਮਿਲੀ ਆਈਡੀ ਦੀਆਂ ਕਾਪੀਆਂ ਸਹਾਇਕ ਖੇਤੀਬਾੜੀ ਇੰਜੀਨੀਅਰ, ਕੁਰੂਕਸ਼ੇਤਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੀਆਂ ਹੋਣਗੀਆਂ।
