ਕੁਰੂਕਸ਼ੇਤਰ, 4 ਸਤੰਬਰ, 2026 (ਸੰਜੀਵ ਸ਼ਰਮਾ): ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਵੱਲੋਂ ਮੁਕਤ ਸਕੂਲ ਦੀ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ (ਫ੍ਰੈਸ਼ ਕੈਟਾਗਰੀ) ਮਾਰਚ-2027 ਪ੍ਰੀਖਿਆ ਲਈ ਆਨਲਾਈਨ ਅਰਜ਼ੀਆਂ ਭਰਨ ਦੀਆਂ ਤਰੀਕਾਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ। ਪ੍ਰੀਖਿਆਰਥੀ 4 ਸਤੰਬਰ 2026 ਤੋਂ ਬੋਰਡ ਦੀ ਵੈੱਬਸਾਈਟ BSEH.ORG.IN ’ਤੇ ਦਿੱਤੇ ਲਿੰਕ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ। ਹਰਿਆਣਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਸ਼ੰਕਰ ਲਾਲ ਧੂਪੜ ਨੇ ਦੱਸਿਆ ਕਿ ਸੈਕੰਡਰੀ ਅਤੇ ਸੀਨੀਅਰ ਸੈਕੰਡਰੀ (ਮੁਕਤ ਸਕੂਲ) ਫ੍ਰੈਸ਼ ਕੈਟਾਗਰੀ ਮਾਰਚ-2027 ਪ੍ਰੀਖਿਆ ਲਈ ਅਰਜ਼ੀ ਦੇਣ ਵਾਲੇ ਪ੍ਰੀਖਿਆਰਥੀ 4 ਸਤੰਬਰ ਤੋਂ 30 ਸਤੰਬਰ 2026 ਤੱਕ 3,500 ਰੁਪਏ ਨਿਰਧਾਰਤ ਫੀਸ ਨਾਲ ਆਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਤੋਂ ਬਾਅਦ 1 ਅਕਤੂਬਰ ਤੋਂ 17 ਅਕਤੂਬਰ 2026 ਤੱਕ 1,500 ਰੁਪਏ ਲੇਟ ਫੀਸ ਦੇ ਨਾਲ ਅਰਜ਼ੀ ਦੇਣ ਦਾ ਮੌਕਾ ਮਿਲੇਗਾ। ਸੀਨੀਅਰ ਸੈਕੰਡਰੀ ਦੇ ਜਿਹੜੇ ਪ੍ਰੀਖਿਆਰਥੀ ਵਾਧੂ ਵਿਸ਼ੇ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ, ਉਨ੍ਹਾਂ ਨੂੰ 400 ਰੁਪਏ ਪ੍ਰਤੀ ਵਿਸ਼ਾ ਵੱਖਰੀ ਫੀਸ ਦੇਣੀ ਹੋਵੇਗੀ। ਸਾਰੇ ਪ੍ਰੀਖਿਆਰਥੀਆਂ ਲਈ ਆਨਲਾਈਨ ਅਰਜ਼ੀ ਭਰਦੇ ਸਮੇਂ ਪ੍ਰੀਖਿਆ ਦਾ ਮਾਧਿਅਮ ਚੁਣਨਾ ਲਾਜ਼ਮੀ ਹੋਵੇਗਾ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਤਕਨੀਕੀ ਖ਼ਰਾਬੀ ਦਾ ਹਵਾਲਾ ਦੇ ਕੇ ਸਮੇਂ ਸਿਰ ਅਰਜ਼ੀ ਨਾ ਭਰਨ ਵਾਲੇ ਕਿਸੇ ਵੀ ਪ੍ਰੀਖਿਆਰਥੀ ਨੂੰ ਵਾਧੂ ਸਮਾਂ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਅਰਜ਼ੀ ਭਰਨ ਸਮੇਂ ਪ੍ਰੀਖਿਆਰਥੀ ਸਿਰਫ਼ ਆਪਣਾ, ਮਾਤਾ-ਪਿਤਾ ਜਾਂ ਭੈਣ-ਭਰਾ ਦਾ ਮੋਬਾਈਲ ਨੰਬਰ ਦਰਜ ਕਰਨ। ਕਿਸੇ ਕੋਚਿੰਗ ਸੈਂਟਰ ਜਾਂ ਸਾਈਬਰ ਕੈਫੇ ਦੇ ਮੋਬਾਈਲ ਨੰਬਰ ਦੀ ਵਰਤੋਂ ਨਾ ਕੀਤੀ ਜਾਵੇ, ਤਾਂ ਜੋ ਬੋਰਡ ਵੱਲੋਂ ਸਮੇਂ-ਸਮੇਂ ’ਤੇ ਦਿੱਤੀਆਂ ਜਾਣ ਵਾਲੀਆਂ ਮਹੱਤਵਪੂਰਨ ਜਾਣਕਾਰੀਆਂ ਅਤੇ ਹਦਾਇਤਾਂ ਸਿੱਧੇ ਪ੍ਰੀਖਿਆਰਥੀ ਤੱਕ ਪਹੁੰਚ ਸਕਣ।
ਸੈਕੰਡਰੀ ਅਤੇ ਸੀਨੀਅਰ ਸੈਕੰਡਰੀ (ਮੁਕਤ ਸਕੂਲ) ਮਾਰਚ-2027 ਫ੍ਰੈਸ਼ ਕੈਟਾਗਰੀ ਲਈ ਆਨਲਾਈਨ ਅਰਜ਼ੀ ਭਰਦੇ ਸਮੇਂ ਅਪਾਰ (APAAR) ਆਈਡੀ ਦਾ ਕਾਲਮ ਭਰਨਾ ਲਾਜ਼ਮੀ ਹੋਵੇਗਾ। ਆਨਲਾਈਨ ਰਜਿਸਟ੍ਰੇਸ਼ਨ ਦੌਰਾਨ ਪ੍ਰੀਖਿਆਰਥੀ ਨੂੰ ਆਪਣਾ ਅਧਿਐਨ ਕੇਂਦਰ ਚੁਣਨ ਦਾ ਵਿਕਲਪ ਵੀ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਇਸ ਦੀ ਪੁਸ਼ਟੀ ਪ੍ਰੀਖਿਆਰਥੀ ਵੱਲੋਂ ਦਿੱਤੀ ਗਈ ਈਮੇਲ ਆਈਡੀ ’ਤੇ ਭੇਜੀ ਜਾਵੇਗੀ। ਰਜਿਸਟ੍ਰੇਸ਼ਨ ਪੂਰਾ ਹੋਣ ਤੋਂ ਬਾਅਦ ਸਾਰੇ ਸਬੰਧਤ ਦਸਤਾਵੇਜ਼ ਚੁਣੇ ਗਏ ਅਧਿਐਨ ਕੇਂਦਰ ’ਤੇ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ। ਇਸ ਤੋਂ ਇਲਾਵਾ, ਸਾਰੇ ਪ੍ਰੀਖਿਆਰਥੀਆਂ ਲਈ 4 ਸਤੰਬਰ 2026 ਤੋਂ 28 ਫਰਵਰੀ 2027 ਤੱਕ ਹਰ ਐਤਵਾਰ ਚੁਣੇ ਗਏ ਅਧਿਐਨ ਕੇਂਦਰ ’ਤੇ 20 ਦਿਨ ਕਲਾਸਾਂ ਲਗਾਉਣਾ ਲਾਜ਼ਮੀ ਹੋਵੇਗਾ। ਬੋਰਡ ਵੱਲੋਂ ਦਸਵੀਂ ਜਮਾਤ ਦੇ ਪ੍ਰੀਖਿਆਰਥੀਆਂ ਲਈ ਸਿੱਖਿਆ ਸੈਸ਼ਨ 2026-27 ਤੋਂ ਤਿੰਨ-ਭਾਸ਼ਾ ਫਾਰਮੂਲਾ ਲਾਗੂ ਕੀਤਾ ਗਿਆ ਹੈ। ਇਸ ਤਹਿਤ ਪਹਿਲਾਂ ਲਾਗੂ ਪੰਜ ਲਾਜ਼ਮੀ ਵਿਸ਼ਿਆਂ ਦੀ ਬਜਾਏ ਹੁਣ ਪ੍ਰੀਖਿਆਰਥੀਆਂ ਨੂੰ ਛੇ ਲਾਜ਼ਮੀ ਵਿਸ਼ਿਆਂ ਦੇ ਨਾਲ ਇੱਕ ਵਿਕਲਪਿਕ ਵਿਸ਼ਾ ਚੁਣਨਾ ਹੋਵੇਗਾ। ਬੋਰਡ ਨੇ ਦੱਸਿਆ ਕਿ ਆਨਲਾਈਨ ਅਰਜ਼ੀ ਨਾਲ ਸਬੰਧਤ ਸਾਰੀਆਂ ਹਦਾਇਤਾਂ ਅਤੇ ਵਿਸਥਾਰਪੂਰਵਕ ਜਾਣਕਾਰੀ ਬੋਰਡ ਦੀ ਵੈੱਬਸਾਈਟ BSEH.ORG.IN ’ਤੇ ਉਪਲਬਧ ਹੈ। ਪ੍ਰੀਖਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਨਲਾਈਨ ਅਰਜ਼ੀ ਭਰਨ ਤੋਂ ਪਹਿਲਾਂ ਵੈੱਬਸਾਈਟ ’ਤੇ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹ ਲੈਣ। ਬੋਰਡ ਅਨੁਸਾਰ ਆਨਲਾਈਨ ਰਜਿਸਟ੍ਰੇਸ਼ਨ ਨੂੰ ਸਫਲ ਮੰਨਣ ਲਈ ਅਰਜ਼ੀ ਭਰਨ ਦੇ ਨਾਲ-ਨਾਲ ਨਿਰਧਾਰਤ ਫੀਸ ਦਾ ਬੋਰਡ ਦਫ਼ਤਰ ਦੇ ਨਾਮਜ਼ਦ ਬੈਂਕ ਖਾਤੇ ਵਿੱਚ ਜਮ੍ਹਾਂ ਹੋਣਾ ਵੀ ਲਾਜ਼ਮੀ ਹੈ।







