ਪਟਿਆਲਾ, 27 ਜੁਲਾਈ, 2026 (ਬਲਜੀਤ ਸਰਨਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇਲ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜੁਲਾਈ ਨੂੰ 1999 ਦੀ ਕਾਰਗਿਲ ਯੁੱਧ ਵਿਚ ਭਾਰਤ ਦੀ ਪਾਕਿਸਤਾਨ ਉੱਤੇ ਹੋਈ ਫੈਸਲਾਕੁੰਨ ਜਿੱਤ ਦੀ ਯਾਦ ਨੂੰ ਤਾਜਾ ਰੱਖਣ ਲਈ ਸਮਾਗਮ ਕੀਤਾ ਗਿਆ ਅਤੇ ਯੁੱਧ ਵਿਚ ਸ਼ਹੀਦ ਸੈਨਿਕਾਂ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਸ਼ਰਧਾਂਜਲੀ ਦਿਤੀ ਗਈ। ਅਜਿਹੇ ਸਮਾਗਮਾਂ ਨਾਲ ਸੈਨਿਕਾਂ ਵਿਚ ਦੇਸ ਦੀਆ ਸਰਹੱਦਾਂ ਦੀ ਰਖਿਆ ਸੁਰਖਿਆ ਕਰਨ ਲਈ ਇਕ ਨਵਾਂ ਜੋਸ਼, ਜਜਬਾ ਅਤੇ ਉਤਸ਼ਾਹ ਪੈਦਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਨਿਸਚੇ ਹੀ ਸ਼ਲਾਘਾਯੋਗ ਹਨ ਪਰੰਤੂ ਇਥੇ ਇਹ ਵੀ ਯਾਦ ਰਖਣ ਦੀ ਲੋੜ ਹੈ ਕਿ ਜੰਗਾਂ-ਯੁੱਧਾਂ ਵਿਚ ਸ਼ਹੀਦ ਹੋਏ ਜਾਂ ਅਪੰਗ ਹੋਕੇ ਸਰੀਰਕ ਤੌਰ ਉੱਤੇ ਨਿਕਾਰਾ ਹੋਏ ਅਤੇ ਸਾਬਕਾ ਸੈਨਿਕਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਖਾਸ ਕਰਕੇ ਵੀਰ ਨਾਰੀਆਂ (ਵਿਧਵਾਵਾਂ) ਨੂੰ ਇਨਸਾਫ ਪ੍ਰਾਪਤੀ ਲਈ ਬਹੁਤ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜਿਲ੍ਹਾ ਸੈਨਿਕ ਭਲਾਈ ਬੋਰਡ ਅਤੇ ਹੋਰ ਕਈ ਅਦਾਰੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਕਾਰਜਸ਼ੀਲ ਹਨ ਪਰੰਤੂ ਲਾਲ ਫੀਤਾਸ਼ਾਹੀ ਅਤੇ ਅਫਸਰਸ਼ਾਹੀ ਦੀ ਅਣਗਹਿਲੀ ਕਾਰਨ ਉਨ੍ਹਾਂ ਸਾਬਕਾ ਜਾਂ ਸਰੀਰਕ ਤੌਰ ਉੱਤੇ ਨਿਕਾਰਾ ਹੋਏ ਜਾਂ ਸ਼ਹੀਦ ਸੈਨਿਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ, ਜੋ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਰਕਾਰ ਸੈਨਿਕਾਂ ਦੀਆਂ ਕਠਿਨਾਈਆਂ ਦੇ ਹੱਲ ਲਈ ਠੋਸ ਕਦਮ ਚੁੱਕੇ ਤਾਂ ਜੋ ਵੀਰ ਸੈਨਿਕਾਂ/ਅਫਸਰਾਂ ਦਾ ਮਨੋਬਲ, ਜੋਸ਼ ਅਤੇ ਜਜਬਾ ਹੋਰ ਮਜਬੂਤ ਹੋ ਸਕੇ।








