ਸੋਨੀਪਤ (ਹਰਿਆਣਾ), 7 ਅਗਸਤ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਸੋਨੀਪਤ ਸਥਿਤ ਇੱਕ ਬਜ਼ੁਰਗ ਆਸ਼ਰਮ ਵਿੱਚ ਰਹਿ ਰਹੇ 72 ਸਾਲਾ ਸ਼ਿਵ ਚਰਨ ਗੁਪਤਾ ਦਾ ਦੇਹਾਂਤ ਹੋਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਆਸ਼ਰਮ ਪ੍ਰਬੰਧਕਾਂ ਅਤੇ ਸਮਾਜ ਸੇਵੀਆਂ ਵੱਲੋਂ ਕੀਤਾ ਗਿਆ। ਮ੍ਰਿਤਕ ਦੀਆਂ ਤਿੰਨੋਂ ਧੀਆਂ ਕਿਸੇ ਕਾਰਨ ਮੌਕੇ ‘ਤੇ ਨਹੀਂ ਪਹੁੰਚ ਸਕੀਆਂ ਜਿਸ ਕਾਰਨ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਆਪਣੇ ਪਿਤਾ ਨੂੰ ਆਖਰੀ ਵਿਦਾਈ ਦਿੱਤੀ।
ਬਜ਼ੁਰਗ ਆਸ਼ਰਮ ਦੇ ਪ੍ਰਬੰਧਕ ਆਨੰਦ ਕੁਮਾਰ ਨੇ ਦੱਸਿਆ ਕਿ ਸ਼ਿਵ ਚਰਨ ਗੁਪਤਾ ਮੁੰਬਈ ਵਿੱਚ ਕੱਪੜਿਆਂ ਦੇ ਵਪਾਰੀ ਸਨ, ਪਰ ਕਾਰੋਬਾਰ ਵਿੱਚ ਨੁਕਸਾਨ ਹੋਣ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਹਰਿਆਣਾ ਆ ਗਏ ਸਨ। ਉਨ੍ਹਾਂ ਦੀਆਂ ਤਿੰਨ ਵਿਆਹੀਆਂ ਧੀਆਂ ਹਨ, ਜੋ ਮੁੰਬਈ, ਨੇਪਾਲ ਅਤੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਰਹਿੰਦੀਆਂ ਹਨ। ਧੀਆਂ ਨੇ ਕਈ ਵਾਰ ਪਿਤਾ ਨੂੰ ਆਪਣੇ ਨਾਲ ਰਹਿਣ ਲਈ ਕਿਹਾ, ਪਰ ਉਨ੍ਹਾਂ ਨੇ ਖੁਦ ਬਜ਼ੁਰਗ ਆਸ਼ਰਮ ਵਿੱਚ ਰਹਿਣ ਦਾ ਫ਼ੈਸਲਾ ਕੀਤਾ। ਦੋ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਮੀਨਾ ਗੁਪਤਾ ਦਾ ਵੀ ਸੋਨੀਪਤ ਦੇ ਇੱਕ ਹੋਰ ਬਜ਼ੁਰਗ ਆਸ਼ਰਮ ਵਿੱਚ ਦੇਹਾਂਤ ਹੋ ਗਿਆ ਸੀ। ਇਸ ਤੋਂ ਬਾਅਦ 13 ਮਾਰਚ 2026 ਨੂੰ ਸ਼ਿਵ ਚਰਨ ਗੁਪਤਾ ਸਮਾਜ ਕਲਿਆਣ ਸਿੱਖਿਆ ਸਮਿਤੀ ਬਜ਼ੁਰਗ ਆਸ਼ਰਮ ਵਿੱਚ ਆ ਕੇ ਰਹਿਣ ਲੱਗ ਗਏ। ਇੱਥੇ ਉਹ ਹੋਰ ਬਜ਼ੁਰਗਾਂ ਨਾਲ ਸਮਾਂ ਬਿਤਾਉਂਦੇ, ਤਾਸ਼ ਖੇਡਦੇ, ਭਜਨ ਸੁਣਦੇ ਅਤੇ ਹਰ ਰੋਜ਼ ਆਪਣੀਆਂ ਧੀਆਂ ਨਾਲ ਫ਼ੋਨ ‘ਤੇ ਗੱਲਬਾਤ ਕਰਦੇ ਸਨ।
ਪ੍ਰਬੰਧਕਾਂ ਮੁਤਾਬਕ ਮੌਤ ਤੋਂ ਕਰੀਬ 15 ਦਿਨ ਪਹਿਲਾਂ ਉਨ੍ਹਾਂ ਨੂੰ ਪੇਟ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਹੋਈ ਸੀ ਅਤੇ ਇਲਾਜ ਤੋਂ ਬਾਅਦ ਉਹ ਮੁੜ ਆਸ਼ਰਮ ਆ ਗਏ ਸਨ। 2 ਅਗਸਤ ਦੀ ਰਾਤ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ ਅਤੇ 3 ਅਗਸਤ ਸਵੇਰੇ ਕਰੀਬ 3:30 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸ਼ਿਵ ਚਰਨ ਗੁਪਤਾ ਨੇ ਜੀਵਨ ਦੌਰਾਨ ਆਪਣੀਆਂ ਅੱਖਾਂ ਅਤੇ ਸਰੀਰ ਦਾਨ ਕਰਨ ਦੀ ਇੱਛਾ ਜਤਾਈ ਸੀ। ਧੀਆਂ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ, ਜਿਸ ਦੀ ਪ੍ਰਕਿਰਿਆ ਦਿੱਲੀ ਦੇ ਇੱਕ ਨੇਤਰ ਹਸਪਤਾਲ ਦੀ ਸਹਾਇਤਾ ਨਾਲ ਪੂਰੀ ਕੀਤੀ ਗਈ।
ਪ੍ਰਬੰਧਕਾਂ ਨੇ ਦੱਸਿਆ ਕਿ ਧੀਆਂ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੀਆਂ। ਇੱਕ ਧੀ ਨੇ ਅੰਤਿਮ ਸੰਸਕਾਰ ਲਈ 5,100 ਰੁਪਏ ਆਨਲਾਈਨ ਭੇਜੇ, ਪਰ ਆਸ਼ਰਮ ਪ੍ਰਬੰਧਨ ਨੇ ਖ਼ੁਦ ਸਾਰਾ ਖ਼ਰਚਾ ਚੁੱਕਦਿਆਂ ਬਾਅਦ ਵਿੱਚ ਇਹ ਰਕਮ ਵਾਪਸ ਕਰ ਦਿੱਤੀ। ਅੰਤਿਮ ਸੰਸਕਾਰ ਦੀ ਪੂਰੀ ਪ੍ਰਕਿਰਿਆ ਧੀਆਂ ਨੂੰ ਵੀਡੀਓ ਕਾਲ ਰਾਹੀਂ ਵਿਖਾਈ ਗਈ। ਆਸ਼ਰਮ ਦੇ ਹੋਰ ਨਿਵਾਸੀਆਂ ਨੇ ਸ਼ਿਵ ਚਰਨ ਗੁਪਤਾ ਨੂੰ ਮਿਲਣਸਾਰ ਅਤੇ ਸਾਦਗੀਪਸੰਦ ਇਨਸਾਨ ਦੱਸਦਿਆਂ ਸਮਾਜ ਨੂੰ ਅਪੀਲ ਕੀਤੀ ਕਿ ਬਜ਼ੁਰਗ ਮਾਪਿਆਂ ਦਾ ਸਤਿਕਾਰ ਕਰੋ ਅਤੇ ਉਨ੍ਹਾਂ ਨੂੰ ਇਕੱਲਾ ਨਾ ਛੱਡੋ। ਪ੍ਰਬੰਧਕਾਂ ਨੇ ਕਿਹਾ ਕਿ ਇਹ ਘਟਨਾ ਸਮਾਜ ਲਈ ਇੱਕ ਵੱਡਾ ਸੰਦੇਸ਼ ਹੈ ਕਿ ਬਜ਼ੁਰਗਾਂ ਦੀ ਦੇਖਭਾਲ ਅਤੇ ਸਨਮਾਨ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
