ਹੁਣ ਐੱਮਆਈਐੱਸ ਪੋਰਟਲ ’ਤੇ ਹੋਵੇਗਾ ਅਧਿਕਾਰੀਆਂ ਦੇ ਸਕੂਲ ਦੌਰਿਆਂ ਦਾ ਪੂਰਾ ਰਿਕਾਰਡ
ਕੁਰੂਕਸ਼ੇਤਰ, 24 ਨਵੰਬਰ, 2026 (ਸੰਜੀਵ ਸ਼ਰਮਾ ) : ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਹਰਿਆਣਾ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਐੱਮਆਈਐੱਸ ਪੋਰਟਲ ’ਤੇ ਸਕੂਲ ਵਿਜ਼ਿਟ ਮੋਡੀਊਲ ਤਿਆਰ ਕੀਤਾ ਗਿਆ ਹੈ। ਇਸ ਮੋਡੀਊਲ ਰਾਹੀਂ ਹੁਣ ਅਧਿਕਾਰੀ ਸਕੂਲਾਂ ਨੂੰ ਗੋਦ ਲੈ ਕੇ ਉਨ੍ਹਾਂ ਦਾ ਦੌਰਾ ਕਰਨਗੇ ਅਤੇ ਆਪਣੀ ਰਿਪੋਰਟ ਆਨਲਾਈਨ ਦਰਜ ਕਰਨਗੇ। ਇਸ ਨਾਲ ਸਕੂਲਾਂ ਦੀ ਅਸਲ ਸਥਿਤੀ, ਪ੍ਰਬੰਧਾਂ ਅਤੇ ਕਮੀਆਂ ਬਾਰੇ ਵਿਭਾਗ ਨੂੰ ਸਮੇਂ ਸਿਰ ਸਹੀ ਜਾਣਕਾਰੀ ਮਿਲ ਸਕੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਇੱਛਾ ਹੈ ਕਿ ਸੂਬੇ ਦੇ ਕਿਸੇ ਵੀ ਸਕੂਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਨਾ ਰਹੇ। ਇਸ ਦਿਸ਼ਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਸਕੂਲ ਵਿਜ਼ਿਟ ਮੋਡੀਊਲ ਨਾਲ ਸਕੂਲਾਂ ਦੀ ਨਿਗਰਾਨੀ ਪ੍ਰਣਾਲੀ ਹੋਰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣੇਗੀ। ਡਿਪਟੀ ਕਮਿਸ਼ਨਰ ਸੋਮਵਾਰ ਨੂੰ ਲਘੂ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਹੋਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਵਿਭਾਗੀ ਅਧਿਕਾਰੀ, ਉਪ ਮੰਡਲ ਅਧਿਕਾਰੀ, ਤਹਿਸੀਲਦਾਰ, ਬੀਡੀਪੀਓ ਅਤੇ ਹੋਰ ਅਧਿਕਾਰੀ ਆਪਣੇ-ਆਪਣੇ ਖੇਤਰ ਦੇ ਸਕੂਲਾਂ ਨੂੰ ਗੋਦ ਲੈ ਕੇ ਨਿਯਮਿਤ ਤੌਰ ’ਤੇ ਦੌਰਾ ਕਰਨਗੇ ਅਤੇ ਆਪਣੀ ਰਿਪੋਰਟ ਐੱਮਆਈਐੱਸ ਪੋਰਟਲ ’ਤੇ ਅਪਲੋਡ ਕਰਨਗੇ। ਇਸ ਨਾਲ ਸਕੂਲਾਂ ਵਿੱਚ ਸੁਧਾਰ ਦੀ ਪ੍ਰਕਿਰਿਆ ਤੇਜ਼ ਹੋਵੇਗੀ ਅਤੇ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਦਾ ਮਾਹੌਲ ਮਿਲੇਗਾ। ਉਨ੍ਹਾਂ ਦੱਸਿਆ ਕਿ ਸਾਰੇ ਅਧਿਕਾਰੀਆਂ ਨੂੰ ਐੱਮਆਈਐੱਸ ਪੋਰਟਲ ’ਤੇ ਸਕੂਲ ਵਿਜ਼ਿਟ ਮੋਡੀਊਲ ਦੀ ਲਾਜ਼ਮੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀ hryedumis.gov.in ’ਤੇ ਜਾ ਕੇ ‘ਆਫਿਸਰ ਲੌਗਇਨ (ਫਾਰ ਸਕੂਲ ਵਿਜ਼ਿਟ)’ ਲਿੰਕ ਰਾਹੀਂ ਲੌਗਇਨ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਧਿਕਾਰੀ ਐੱਮਆਈਐੱਸ ਪੋਰਟਲ ’ਤੇ ਰਜਿਸਟਰ ਲਿੰਕ ਰਾਹੀਂ ਆਪਣੇ ਲੌਗਇਨ ਵੇਰਵੇ ਤਿਆਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਫਾਰਮ ਵਿੱਚ ਸਾਰੇ ਵੇਰਵੇ ਭਰਨ ਤੋਂ ਬਾਅਦ ਸਿਸਟਮ ਵੱਲੋਂ ਮੋਬਾਈਲ ’ਤੇ ਐੱਸਐੱਮਐੱਸ ਰਾਹੀਂ ਲੌਗਇਨ ਵੇਰਵੇ ਭੇਜੇ ਜਾਣਗੇ। ਇਹ ਵੇਰਵੇ ਪ੍ਰਾਪਤ ਹੋਣ ਤੋਂ ਬਾਅਦ ਅਧਿਕਾਰੀ ਆਪਣਾ ਯੂਜ਼ਰਨੇਮ ਅਤੇ ਪਾਸਵਰਡ ਦਰਜ ਕਰਕੇ ਪੋਰਟਲ ’ਤੇ ਲੌਗਇਨ ਕਰ ਸਕਣਗੇ। ਇਸ ਤੋਂ ਬਾਅਦ ‘ਆਫਿਸਰ ਲੌਗਇਨ (ਫਾਰ ਸਕੂਲ ਵਿਜ਼ਿਟ)’ ’ਤੇ ਕਲਿੱਕ ਕਰਕੇ ਸਕੂਲ ਵਿਜ਼ਿਟ ਮੋਡੀਊਲ ਵਿੱਚ ਆਪਣੀ ਰਿਪੋਰਟ ਅਪਲੋਡ ਕਰ ਸਕਣਗੇ। ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਲੌਗਇਨ ਕਰਨ ਤੋਂ ਬਾਅਦ ਅਧਿਕਾਰੀ ‘ਅਸਾਈਨ ਨਿਊ ਸਕੂਲ’ ਬਟਨ ’ਤੇ ਕਲਿੱਕ ਕਰਕੇ ਸਕੂਲ ਨੂੰ ਗੋਦ ਲੈ ਸਕਦੇ ਹਨ। ਅਧਿਕਾਰੀ ਜ਼ਿਲ੍ਹੇ ਜਾਂ ਬਲਾਕ ਦੇ ਆਧਾਰ ’ਤੇ ਸਕੂਲਾਂ ਦੀ ਚੋਣ ਕਰ ਸਕਦੇ ਹਨ। ਉਹ ਆਪਣੀ ਲੋੜ ਅਨੁਸਾਰ ਜਿੰਨੇ ਮਰਜ਼ੀ ਸਕੂਲ ਗੋਦ ਲੈ ਸਕਦੇ ਹਨ ਜਾਂ ਦੌਰੇ ਲਈ ਚੁਣ ਸਕਦੇ ਹਨ। ਸਕੂਲ ਗੋਦ ਲੈਣ ਤੋਂ ਬਾਅਦ ‘ਵਿਜ਼ਿਟ’ ਬਟਨ ’ਤੇ ਕਲਿੱਕ ਕਰਕੇ ਦੌਰੇ ਦਾ ਵੇਰਵਾ ਦਰਜ ਕੀਤਾ ਜਾ ਸਕਦਾ ਹੈ। ਅਧਿਕਾਰੀ ਨੂੰ ਸਕੂਲ ਸਬੰਧੀ ਆਪਣੀ ਫੀਡਬੈਕ ਅਤੇ ਨਿਰੀਖਣ ਰਿਪੋਰਟ ਫੋਟੋਆਂ ਤੇ ਪੀਡੀਐੱਫ ਸਮੇਤ ਅਪਲੋਡ ਕਰਨੀ ਹੋਵੇਗੀ।
ਉਨ੍ਹਾਂ ਕਿਹਾ ਕਿ ‘ਰੀ-ਵਿਜ਼ਿਟ’ ਵਿਕਲਪ ਰਾਹੀਂ ਅਧਿਕਾਰੀ ਜਿੰਨੀ ਵਾਰ ਚਾਹੁਣ ਸਕੂਲ ਦੌਰੇ ਦੀ ਰਿਪੋਰਟ ਦਰਜ ਕਰ ਸਕਦੇ ਹਨ। ਇਸ ਦੇ ਨਾਲ ਹੀ ‘ਵਿਊ ਹਿਸਟਰੀ’ ਵਿਕਲਪ ਰਾਹੀਂ ਪਹਿਲਾਂ ਕੀਤੇ ਗਏ ਦੌਰਿਆਂ ਦਾ ਪੂਰਾ ਰਿਕਾਰਡ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀ ‘ਅਸਾਈਨ/ਅਡੌਪਟ ਸਕੂਲ’ ਤੋਂ ਇਲਾਵਾ ਕਿਸੇ ਰੈਂਡਮ ਸਕੂਲ ਦੀ ਚੋਣ ਕਰਕੇ ਵੀ ਆਪਣੇ ਦੌਰੇ ਦੀ ਰਿਪੋਰਟ ਦਰਜ ਕਰ ਸਕਦੇ ਹਨ। ਇਸ ਤੋਂ ਇਲਾਵਾ ‘ਰੀਲੀਜ਼’ ਵਿਕਲਪ ਰਾਹੀਂ ਗੋਦ ਲਏ ਗਏ ਸਕੂਲ ਨੂੰ ਛੱਡਿਆ ਵੀ ਜਾ ਸਕਦਾ ਹੈ। ਲੌਗਇਨ ਪੇਜ ’ਤੇ ‘ਫਾਰਗੈੱਟ ਪਾਸਵਰਡ’ ਵਿਕਲਪ ਰਾਹੀਂ ਓਟੀਪੀ ਵੈਰੀਫਿਕੇਸ਼ਨ ਦੀ ਸਹਾਇਤਾ ਨਾਲ ਪਾਸਵਰਡ ਬਦਲਣ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਕਨੀਕੀ ਸਮੱਸਿਆ ਲਈ ਅਧਿਕਾਰੀ ਐੱਮਈਐੱਸ ਹੈਲਪਡੈਸਕ ਦੇ ਨੰਬਰ 0172-5049801 ’ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨ ਅਤੇ ਸਕੂਲਾਂ ਦੀਆਂ ਅਸਲ ਸਮੱਸਿਆਵਾਂ ਦੀ ਜਾਣਕਾਰੀ ਪੋਰਟਲ ’ਤੇ ਦਰਜ ਕਰਨ।






