ਕਿਹਾ, ਦੇਸੀ ਗਾਂ ਦੀ ਡੇਅਰੀ ਖੋਲ੍ਹਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੋ
ਚੰਡੀਗੜ੍ਹ, 14 ਅਕਤੂਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਰਾਜ ਵਿੱਚ ਦੁਧਾਰੂ ਪਸ਼ੂਆਂ ਲਈ ਉੱਨਤ-ਚਾਰੇ ਦੇ ਬੀਜਾਂ ਦਾ ਪ੍ਰਬੰਧ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਤਾਂ ਜੋ ਲੋਕਾਂ ਨੂੰ ਚੰਗੀ ਗੁਣਵੱਤਾ ਦਾ ਦੁੱਧ ਮਿਲ ਸਕੇ। ਇਸ ਦੇ ਲਈ ਉਨ੍ਹਾਂ ਨੇ ਕੋਈ ਪਾਲਿਸੀ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਵੀ ਨਿਰਦੇਸ਼ ਦਿੱਤੇ। ਸ਼੍ਰੀ ਰਾਣਾ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਲੁਵਾਸ ਯੂਨੀਵਰਸਿਟੀ, ਪਸ਼ੂਧਨ ਵਿਕਾਸ ਬੋਰਡ ਅਤੇ ਹਰਿਆਣਾ ਗਊ ਸੇਵਾ ਆਯੋਗ ਦੇ ਸੀਨੀਅਰ ਅਧਿਕਾਰੀਆਂ ਦੀ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ। ਬੈਠਕ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਪ੍ਰਧਾਨ ਸਕੱਤਰ ਸ਼੍ਰੀ ਵਿਜੇ ਸਿੰਘ ਦਹੀਆ, ਨਿਰਦੇਸ਼ਕ ਡਾ. ਪ੍ਰੇਮ ਸਿੰਘ, ਲੁਵਾਸ ਯੂਨੀਵਰਸਿਟੀ ਹਿਸਾਰ ਦੇ ਉਪ-ਕੁਲਪਤੀ ਡਾ. ਵਿਨੋਦ ਕੁਮਾਰ ਵਰਮਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਦੁਧਾਰੂ ਪਸ਼ੂਆਂ ਨੂੰ ਅਜਿਹਾ ਚਾਰਾ ਖੁਆਉਣਾ ਚਾਹੀਦਾ ਹੈ ਜੋ ਕਿ ਰਸਾਇਣਕ ਖਾਦਾਂ ਅਤੇ ਦਵਾਈਆਂ ਨਾਲ ਤਿਆਰ ਨਾ ਕੀਤਾ ਗਿਆ ਹੋਵੇ, ਕਿਉਂਕਿ ਡੀ.ਏ.ਪੀ., ਯੂਰੀਆ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਚਾਰਾ ਜ਼ਹਿਰੀਲਾ ਹੋ ਜਾਂਦਾ ਹੈ ਅਤੇ ਉਸ ਚਾਰੇ ਤੋਂ ਰਸਾਇਣ ਦੁੱਧ ਪੀਣ ਵਾਲੇ ਇਨਸਾਨ ਵਿੱਚ ਪਹੁੰਚਦੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪਸ਼ੂ ਪਾਲਕਾਂ ਨੂੰ ਔਰਗੈਨਿਕ ਅਤੇ ਕੁਦਰਤੀ ਖਾਦ ਨਾਲ ਚਾਰਾ ਤਿਆਰ ਕਰਨ ਲਈ ਉਤਸ਼ਾਹਿਤ ਕਰਨ, ਨਾਲ ਹੀ ਉੱਨਤ ਕਿਸਮ ਦਾ ਬੀਜ ਵੀ ਉਪਲਬਧ ਕਰਵਾਉਣ। ਉਨ੍ਹਾਂ ਕਿਹਾ ਕਿ ਜੇਕਰ ਲੋੜ ਹੋਵੇ ਤਾਂ ਇਸ ਦੇ ਲਈ ਇੱਕ ਪਾਲਿਸੀ ਵੀ ਬਣਾਈ ਜਾ ਸਕਦੀ ਹੈ।
ਸ਼੍ਰੀ ਰਾਣਾ ਨੇ ਇਹ ਵੀ ਕਿਹਾ ਕਿ ਦੇਸੀ ਗਾਂ ਦੀ ਡੇਅਰੀ ਖੋਲ੍ਹਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਹਿੱਤ ਸਬਸਿਡੀ ਨਾਲ ਸਬੰਧਤ ਕੋਈ ਯੋਜਨਾ ਤਿਆਰ ਕਰਨ, ਇਸ ਨਾਲ ਜਿੱਥੇ ਸਾਡੀ ਨਸਲ ਸੁਧਾਰ ਨੂੰ ਸੰਭਾਲ ਮਿਲੇਗੀ, ਉੱਥੇ ਹੀ ਇਨ੍ਹਾਂ ਦੇ ਗਊਮੂਤਰ ਤੋਂ ਤਿਆਰ ਜੀਵਾਮ੍ਰਿਤ ਕੁਦਰਤੀ ਖੇਤੀ ਵਿੱਚ ਖਾਦ ਵਜੋਂ ਵਰਤਿਆ ਜਾ ਸਕੇਗਾ। ਉਨ੍ਹਾਂ ਨੇ ਪਿੰਡਾਂ ਦੇ ਪਸ਼ੂਆਂ ਲਈ ਪੰਚਾਇਤੀ ਜ਼ਮੀਨ ‘ਤੇ “ਡੇ-ਬੋਰਡਿੰਗ ਪਸ਼ੂ ਹੋਸਟਲ” ਵਰਗੀ ਕੋਈ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਪਿੰਡ ਦੇ ਪਸ਼ੂ ਦਿਨ ਦੇ ਸਮੇਂ ਇਸ ਹੋਸਟਲ ਦੀ ਚਾਰਦੀਵਾਰੀ ਦੇ ਅੰਦਰ ਚਰਾਗਾਹ ਵਾਂਗ ਘੁੰਮ ਸਕਣ ਅਤੇ ਰਾਤ ਦੇ ਸਮੇਂ ਪਸ਼ੂ ਪਾਲਕ ਆਪਣੇ ਘਰ ਪਸ਼ੂ ਲੈ ਕੇ ਜਾ ਸਕਦਾ ਹੈ। ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਨੇ ਵਿਭਾਗ ਨਾਲ ਸਬੰਧਤ “ਸੀ.ਐਮ.-ਐਲਾਨ” ਅਤੇ “ਬਜਟ-ਐਲਾਨਾਂ” ਦੀ ਵੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਸਾਰੇ ਐਲਾਨ ਨਿਰਧਾਰਿਤ ਸਮੇਂ ਵਿੱਚ ਪੂਰੇ ਕਰਨ ਦੇ ਨਿਰਦੇਸ਼ ਦਿੱਤੇ।






