ਨਵੀਂ ਦਿੱਲੀ, 27 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ ) : ਵਿਦੇਸ਼ ਜਾਣ ਵਾਲੇ ਲੋਕਾਂ ਲਈ WhatsApp ਇੱਕ ਨਵੀਂ ਸਹੂਲਤ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਹੁਣ ਯਾਤਰੀਆਂ ਨੂੰ ਵਿਦੇਸ਼ ਪਹੁੰਚ ਕੇ ਸਥਾਨਕ ਸਿਮ ਕਾਰਡ ਲੱਭਣ ਜਾਂ ਮਹਿੰਗੇ ਇੰਟਰਨੈਸ਼ਨਲ ਰੋਮਿੰਗ ਪਲਾਨ ਖਰੀਦਣ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕਦੀ ਹੈ। Meta ਦੀ ਮਲਕੀਅਤ ਵਾਲੀ ਕੰਪਨੀ WhatsApp ਜਲਦ ਹੀ ਆਪਣੀ ਐਪ ਰਾਹੀਂ ਡਾਟਾ eSIM ਖਰੀਦਣ ਅਤੇ ਇੰਸਟਾਲ ਕਰਨ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਵੀਰਵਾਰ ਨੂੰ ਇੱਕ ਬਲਾਗ ਪੋਸਟ ਰਾਹੀਂ ਇਸ ਯੋਜਨਾ ਦਾ ਐਲਾਨ ਕੀਤਾ ਹੈ। ਇਸ ਨਵੀਂ ਸੇਵਾ ਲਈ WhatsApp ਵੱਖ-ਵੱਖ eSIM ਪ੍ਰਦਾਤਾਵਾਂ ਅਤੇ ਟੈਲੀਕਾਮ ਕੰਪਨੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਇਨ੍ਹਾਂ ਭਾਈਵਾਲਾਂ ਵਿੱਚ ਭਾਰਤ ਦੀ ਜੀਓ (Jio), ਸਮਾਰਟ ਐਕਸੀਏਟਾ, ਸਮਾਰਟ ਕਮਿਊਨੀਕੇਸ਼ਨਜ਼ ਅਤੇ ਵੇਰੀਜੋਨ ਸ਼ਾਮਲ ਹਨ। WhatsApp ਮੁਤਾਬਕ, ਇਸ ਸਹੂਲਤ ਰਾਹੀਂ ਯਾਤਰੀ ਕੁਝ ਹੀ ਕਲਿੱਕਾਂ ਵਿੱਚ ਐਪ ਦੇ ਅੰਦਰੋਂ ਡਾਟਾ eSIM ਖਰੀਦ ਕੇ ਆਪਣੇ ਫ਼ੋਨ ਵਿੱਚ ਸੈੱਟ ਕਰ ਸਕਣਗੇ। ਇਸ ਨਾਲ ਵਿਦੇਸ਼ ਪਹੁੰਚਣ ਤੋਂ ਬਾਅਦ ਵੀ ਉਹ ਆਪਣੇ ਮੌਜੂਦਾ WhatsApp ਨੰਬਰ ਦੀ ਵਰਤੋਂ ਕਰ ਸਕਣਗੇ ਅਤੇ ਸੰਪਰਕ ਵਿੱਚ ਰਹਿਣ ਲਈ ਵੱਖਰਾ ਸਥਾਨਕ ਸਿਮ ਕਾਰਡ ਲੈਣ ਦੀ ਲੋੜ ਨਹੀਂ ਪਵੇਗੀ।
ਇਸ ਸੇਵਾ ਨਾਲ ਹਵਾਈ ਅੱਡਿਆਂ ’ਤੇ ਸਿਮ ਕਾਰਡ ਲੱਭਣ, ਮੁਫ਼ਤ ਵਾਈ-ਫਾਈ ਦੀ ਭਾਲ ਕਰਨ ਅਤੇ ਮਹਿੰਗੇ ਰੋਮਿੰਗ ਖ਼ਰਚਿਆਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ। ਕੰਪਨੀ ਨੇ ਦੱਸਿਆ ਹੈ ਕਿ ਇਹ ਫੀਚਰ ਜਲਦ ਹੀ ਕੁਝ ਚੋਣਵੇਂ ਦੇਸ਼ਾਂ ਵਿੱਚ ਸ਼ੁਰੂ ਕੀਤਾ ਜਾਵੇਗਾ। ਹਾਲਾਂਕਿ, ਪਹਿਲੇ ਪੜਾਅ ਵਿੱਚ ਕਿਹੜੇ ਦੇਸ਼ਾਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ ਕਿੰਨੀ ਹੋਵੇਗੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। WhatsApp ਦੇ ਮੁਖੀ ਕੁਨਾਲ ਸ਼ਾਹ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇਸ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਇਸ ਨੂੰ eSIM ਤਕਨਾਲੋਜੀ ਦੇ ਖੇਤਰ ਵਿੱਚ ਕੰਪਨੀ ਦੀ ਸ਼ੁਰੂਆਤੀ ਪਹਿਲ ਦੱਸਿਆ ਅਤੇ ਦੁਨੀਆ ਭਰ ਦੇ ਭਾਈਵਾਲਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ WhatsApp ਦੇ ਦੁਨੀਆ ਭਰ ਵਿੱਚ 3 ਅਰਬ ਤੋਂ ਵੱਧ ਉਪਭੋਗਤਾ ਹਨ। ਜੇਕਰ ਇਹ ਸਹੂਲਤ ਵੱਡੇ ਪੱਧਰ ’ਤੇ ਲਾਗੂ ਹੁੰਦੀ ਹੈ ਤਾਂ ਅੰਤਰਰਾਸ਼ਟਰੀ ਯਾਤਰੀਆਂ ਲਈ ਮੋਬਾਈਲ ਇੰਟਰਨੈੱਟ ਦੀ ਵਰਤੋਂ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਸਕਦੀ ਹੈ।






