ਪਟਿਆਲਾ, 3 ਨਵੰਬਰ, 2026 (ਛਤਰਪਾਲ ਸਿੰਘ ) : ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ 30 ਅਕਤੂਬਰ ਤੋਂ 03 ਨਵੰਬਰ ਤੱਕ ਕਰਵਾਈ ਨੌਰਥ ਜੋਨ ਅੰਤਰ- ਯੂਨੀਵਰਸਿਟੀ ਬਾਸਕਟਬਾਲ (ਪੁਰਸ਼) ਚੈਂਪੀਅਨਸ਼ਿਪ ਸਫ਼ਲਤਾ ਪੂਰਵਕ ਸੰਪੰਨ ਹੋਈ। ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੇ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸੂਬਿਆਂ ਤੋਂ ਆਈਆਂ 81 ਟੀਮਾਂ ਨੇ ਭਾਗ ਲਿਆ। ਏਆਈਯੂ ਦੇ ਨਿਯਮਾਂ ਅਨੁਸਾਰ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਨੂੰ ਚਾਰ ਪੂਲਾਂ ਵਿਚ ਵੰਡਿਆ ਗਿਆ। ਸ਼ੁਰੂਆਤੀ ਦੌਰ ਦੇ ਸਾਰੇ ਮੁਕਾਬਲੇ ਨਾਕਆਊਟ ਪ੍ਰਣਾਲੀ ਅਧੀਨ ਕਰਵਾਏ ਗਏ। ਜਿਹਨਾਂ ਵਿਚੋਂ ਅੰਤਿਮ ਚਾਰ ਟੀਮਾਂ ਚੰਡੀਗੜ੍ਹ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਸੈਮੀਫਾਈਨਲ ਵਿਚ ਪੁੱਜੀਆਂ।

ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਬਾਜੀ ਮਾਰੀ, ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਫਸਟ ਰਨਰ-ਅੱਪ, ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਸੈਕਿੰਡ ਰਨਰ-ਅੱਪ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਥਰਡ ਰਨਰ-ਅੱਪ ਰਹੀ। ਇਨਾਮ ਵੰਡ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਸਰਪ੍ਰਸਤ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਤੁਹਾਡੀ ਜਿੱਤ ਹੋਰਨਾਂ ਟੀਮਾਂ ਲਈ ਪ੍ਰੇਰਨਾਸ੍ਰੋਤ ਹੈ। ਡਾ. ਗਿੱਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਖੇਡਾਂ ਹੀ ਅਜਿਹਾ ਮਾਧਿਅਮ ਹਨ ਜਿਹਨਾਂ ਸਦਕਾ ਨੌਜਵਾਨੀ ਨਸ਼ਿਆਂ ਤੋਂ ਦੂਰੀ ਬਣਾ ਕੇ ਆਪਣੇ ਜਵਾਨੀ ਵਿਚਲੇ ਜ਼ੋਸ਼ ਨੂੰ ਚੰਗੇ ਮਾਪਦੰਡ ਸਿਰਜਣ ਵੱਲ ਅਗਰਸਰ ਹੋ ਸਕਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹਨਾਂ ਮੁਕਾਬਲਿਆਂ ਵਿਚ ਭਾਗ ਲੈਣ ਪਹੁੰਚੀਆਂ ਸਾਰੀਆਂ ਟੀਮਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਟਰਾਂਸਪੋਰਟ ਦਾ ਪੂਰਾ ਪ੍ਰਬੰਧ ਪੰਜਾਬ ਸਪਰੋਟਸ ਯੂਨੀਵਰਸਿਟੀ ਵੱਲੋਂ ਵੱਡੇ ਪੱਧਰ ‘ਤੇ ਕੀਤਾ ਗਿਆ।