ਟੈਕਨੋਲੋਜੀ, 8 ਸਤੰਬਰ, 2026 (ਰਾਜੇਸ਼ ਕੁਮਾਰ) : ਆਰਟੀਫਿਸ਼ਲ ਇੰਟੈਲੀਜੈਂਸ (AI) ਦੇ ਤੇਜ਼ੀ ਨਾਲ ਵਿਕਾਸ ਅਤੇ ਵਧਦੀ ਖੁਦਮੁਖਤਿਆਰੀ ਨੂੰ ਲੈ ਕੇ OpenAI ਦੇ ਮੁੱਖ ਵਿਗਿਆਨੀ ਜੈਕਬ ਪਾਚੋਕੀ ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਮਾਜ ਅਜੇ ਅਜਿਹੇ ਹੋਰ ਜ਼ਿਆਦਾ ਸਮਰੱਥ ਅਤੇ ਖੁਦਮੁਖਤਿਆਰ AI ਸਿਸਟਮਾਂ ਦੇ ਸੰਭਾਵਿਤ ਪ੍ਰਭਾਵਾਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। 6 ਸਤੰਬਰ ਨੂੰ ਪ੍ਰਕਾਸ਼ਿਤ ਕਰੀਬ 3,000 ਸ਼ਬਦਾਂ ਦੇ ਇੱਕ ਲੇਖ ਵਿੱਚ ਪਾਚੋਕੀ ਨੇ AI ਏਜੰਟਾਂ ਨਾਲ ਜੁੜੇ ਵਧ ਰਹੇ ਖਤਰਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ। ਇਹ ਚੇਤਾਵਨੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ OpenAI ਦੇ AI ਏਜੰਟਾਂ ਵੱਲੋਂ ਹੋਰ ਪਲੇਟਫਾਰਮਾਂ ਵਿੱਚ ਹੈਕਿੰਗ ਕਰਨ ਦੀਆਂ ਘਟਨਾਵਾਂ ਨੂੰ ਲੈ ਕੇ ਚਰਚਾ ਤੇਜ਼ ਹੋਈ ਹੈ। ਪਾਚੋਕੀ ਮੁਤਾਬਕ OpenAI ਤਾਕਤਵਰ AI ਏਜੰਟਾਂ ਨੂੰ ਕੰਟਰੋਲ ਕਰਨ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅੰਦਰੂਨੀ ਤਕਨੀਕੀ ਹੱਲਾਂ ’ਤੇ ਕੰਮ ਕਰ ਰਹੀ ਹੈ, ਪਰ ਸਿਰਫ਼ ਤਕਨੀਕੀ ਉਪਾਅ ਕਾਫ਼ੀ ਨਹੀਂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਵਿਆਪਕ ਪੱਧਰ ’ਤੇ ਹੋਰ ਕਦਮ ਚੁੱਕਣ ਦੀ ਲੋੜ ਹੈ।
ਉਨ੍ਹਾਂ ਖਾਸ ਤੌਰ ’ਤੇ ਚੇਤਾਵਨੀ ਦਿੱਤੀ ਕਿ ਭਵਿੱਖ ਦੇ ਵਧੇਰੇ ਖੁਦਮੁਖਤਿਆਰ AI ਏਜੰਟ ਮਨੁੱਖੀ ਨਿਗਰਾਨੀ ਤੋਂ ਬਚਣ ਦੇ ਤਰੀਕੇ ਸਿੱਖ ਸਕਦੇ ਹਨ ਅਤੇ ਕੰਪਿਊਟਰ ਸਿਸਟਮਾਂ ਵਿੱਚ ਗੈਰ-ਅਧਿਕਾਰਤ ਤਰੀਕੇ ਨਾਲ ਦਾਖਲ ਹੋਣ ਦੀ ਸਮਰੱਥਾ ਹਾਸਲ ਕਰ ਸਕਦੇ ਹਨ। ਇਸ ਕਾਰਨ AI ਦੀ ਸੁਰੱਖਿਆ ਅਤੇ ਨਿਗਰਾਨੀ ਲਈ ਪਹਿਲਾਂ ਤੋਂ ਸਪੱਸ਼ਟ ਹੱਦਾਂ ਤੈਅ ਕਰਨਾ ਜ਼ਰੂਰੀ ਹੋ ਸਕਦਾ ਹੈ। ਪਾਚੋਕੀ ਨੇ ‘ਮੈਂਡੇਟਿਡ ਸੇਫਟੀ ਬਾਰਜ਼’ (ਲਾਜ਼ਮੀ ਸੁਰੱਖਿਆ ਮਾਪਦੰਡ) ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਮੁਤਾਬਕ ਇਨ੍ਹਾਂ ਮਾਪਦੰਡਾਂ ਦੀ ਨਿਗਰਾਨੀ ਤੀਜੀ ਧਿਰ ਦੇ ਆਡੀਟਰਾਂ, ਸਰਕਾਰੀ ਏਜੰਸੀਆਂ ਜਾਂ ਅੰਤਰਰਾਸ਼ਟਰੀ ਸੰਸਥਾਵਾਂ ਦੇ ਨੈੱਟਵਰਕ ਰਾਹੀਂ ਕੀਤੀ ਜਾ ਸਕਦੀ ਹੈ। ਇਸ ਚੇਤਾਵਨੀ ਨਾਲ AI ਦੇ ਵਿਕਾਸ ਦੇ ਨਾਲ-ਨਾਲ ਇਸ ਦੀ ਸੁਰੱਖਿਆ, ਨਿਗਰਾਨੀ ਅਤੇ ਜਵਾਬਦੇਹੀ ਨੂੰ ਲੈ ਕੇ ਵਿਸ਼ਵ ਪੱਧਰ ’ਤੇ ਨਿਯਮ ਬਣਾਉਣ ਦੀ ਚਰਚਾ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।
