Home ਸੰਸਾਰ “ਮਹਿਲਾ ਕ੍ਰਿਕਟ ਨੂੰ ਹੁਣ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ” — ਟਰਾਫੀ ਸੌਂਪਣ...

“ਮਹਿਲਾ ਕ੍ਰਿਕਟ ਨੂੰ ਹੁਣ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ” — ਟਰਾਫੀ ਸੌਂਪਣ ਮਗਰੋਂ ਬੋਲੇ ICC ਚੇਅਰਮੈਨ ਜੈ ਸ਼ਾਹ

0

ਲੰਡਨ:6ਜੁਲਾਈ (ਛਤਰਪਾਲ ਸਿੰਘ): ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ ਮਹਿਲਾ ਕ੍ਰਿਕਟ ਨੂੰ ਇਸ ਵੇਲੇ ਦੇ “ਸੁਨਹਿਰੀ ਦੌਰ” ਵਿੱਚ ਦੱਸਦਿਆਂ ਆਸਟ੍ਰੇਲੀਆਈ ਕਪਤਾਨ ਸੋਫੀ ਮੋਲਿਨਿਊਕਸ ਨੂੰ ਟਰਾਫੀ ਸੌਂਪੀ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਹਰ ਵਾਰ ਯਾਦ ਦਿਵਾਉਂਦਾ ਹੈ ਕਿ ਮਹਿਲਾ ਕ੍ਰਿਕਟ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਮਹਿਲਾ ਟੀ-20 ਵਿਸ਼ਵ ਕੱਪ 2026 ਦਾ ਫਾਈਨਲ ਐਤਵਾਰ ਨੂੰ ਇੰਗਲੈਂਡ ਅਤੇ ਆਸਟ੍ਰੇਲੀਆ ਵਿਚਾਲੇ ਲਾਰਡਜ਼ ਕ੍ਰਿਕਟ ਗਰਾਊਂਡ, ਲੰਡਨ (ਯੂਕੇ) ਵਿੱਚ ਖੇਡਿਆ ਗਿਆ। ਫਾਈਨਲ ਵਿੱਚ ਸੋਫੀ ਮੋਲਿਨਿਊਕਸ ਦੀ ਕਪਤਾਨੀ ਹੇਠ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਕੇ ਆਪਣਾ ਸੱਤਵਾਂ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਲਿਆ।

ਜੈ ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਕ੍ਰਿਕਟ ਆਸਟ੍ਰੇਲੀਆ ਨੂੰ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨਾਲ ਸੱਤਵਾਂ ਵਿਸ਼ਵ ਖਿਤਾਬ ਜਿੱਤਣ ‘ਤੇ ਵਧਾਈ ਦਿੱਤੀ।

ਉਨ੍ਹਾਂ ਲਿਖਿਆ ਕਿ ਇਹ ਸ਼ਾਨਦਾਰ ਟੂਰਨਾਮੈਂਟ ਹਮੇਸ਼ਾ ਯਾਦ ਦਿਵਾਉਂਦਾ ਹੈ ਕਿ ਮਹਿਲਾ ਕ੍ਰਿਕਟ ਕਿਉਂ ਇੰਨੀ ਖਾਸ ਹੈ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਅੰਤ ਤੱਕ ਸ਼ਾਨਦਾਰ ਜੋਸ਼ ਦੇਖਣ ਨੂੰ ਮਿਲਿਆ ਅਤੇ ਦੋਵੇਂ ਟੀਮਾਂ ਨੇ ਤਾਕਤ, ਜਜ਼ਬੇ ਅਤੇ ਉੱਚ ਪੱਧਰੀ ਖੇਡ ਦਾ ਪ੍ਰਦਰਸ਼ਨ ਕੀਤਾ।

ਫਾਈਨਲ ਵਿੱਚ ਬੈਥ ਮੂਨੀ ਨੇ ਬੱਲੇਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਅਰਾਮਕੋ ਪਲੇਅਰ ਆਫ਼ ਦ ਟੂਰਨਾਮੈਂਟ’ ਦਾ ਖਿਤਾਬ ਆਪਣੇ ਨਾਮ ਕੀਤਾ।

ਆਸਟ੍ਰੇਲੀਆਈ ਕਪਤਾਨ ਸੋਫੀ ਮੋਲਿਨਿਊਕਸ ਨੇ ਕਿਹਾ ਕਿ ਬੈਥ ਮੂਨੀ ਦੀ ਅਗਵਾਈ ਅਤੇ ਤਜਰਬੇ ਨੇ ਉਨ੍ਹਾਂ ਨੂੰ ਕਪਤਾਨੀ ਦੀ ਭੂਮਿਕਾ ਵਿੱਚ ਨਿਖਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਹ ਤੀਜੀ ਵਾਰ ਸੀ ਜਦੋਂ ਮੂਨੀ ਨੇ ਵਿਸ਼ਵ ਕੱਪ ਫਾਈਨਲ ਵਿੱਚ ਅਰਧ ਸੈਂਕੜਾ ਜੜਿਆ।

ਅੰਤ ਵਿੱਚ ਜੈ ਸ਼ਾਹ ਨੇ ਦੋਵੇਂ ਟੀਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਸ ਮਹਿਲਾ ਵਿਸ਼ਵ ਕੱਪ ਨੂੰ ਯਾਦਗਾਰ ਅਤੇ ਖਾਸ ਬਣਾਇਆ ਹੈ।

Exit mobile version