Home ਪੰਜਾਬ ਨਿਹਾਰਕਾ ਨੇ BBA ਫਾਈਨਲ ’ਚ ਪੰਜਾਬ ਭਰ ’ਚ ਕੀਤਾ ਟਾਪ, ਜੰਡਿਆਲਾ ਗੁਰੂ...

ਨਿਹਾਰਕਾ ਨੇ BBA ਫਾਈਨਲ ’ਚ ਪੰਜਾਬ ਭਰ ’ਚ ਕੀਤਾ ਟਾਪ, ਜੰਡਿਆਲਾ ਗੁਰੂ ਦਾ ਨਾਮ ਕੀਤਾ ਰੌਸ਼ਨ

Jandi­ala Guru’s Niharika achieves Punjab’s top rank in the BBA final examination.

0

ਜੰਡਿਆਲਾ ਗੁਰੂ, 9 ਸਤੰਬਰ, 2026 (ਰਾਜੇਸ਼ ਕੁਮਾਰ) : ਜੰਡਿਆਲਾ ਗੁਰੂ ਦੀ ਹੋਣਹਾਰ ਵਿਦਿਆਰਥਣ ਨਿਹਾਰਕਾ ਨੇ BBA ਫਾਈਨਲ ਦੀ ਪ੍ਰੀਖਿਆ ਵਿੱਚ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸ਼ਾਨਦਾਰ ਉਪਲਬਧੀ ਤੋਂ ਬਾਅਦ ਪਰਿਵਾਰ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਵਧਾਈ ਦੇਣ ਵਾਲਿਆਂ ਦਾ ਉਨ੍ਹਾਂ ਦੇ ਘਰ ਤਾਂਤਾ ਲੱਗਿਆ ਹੋਇਆ ਹੈ। ਨਿਹਾਰਕਾ ਸਰਕਾਰੀ ਸਰੂਪ ਰਾਣੀ ਕਾਲਜ ਆਫ ਵੂਮੈਨ, ਅੰਮ੍ਰਿਤਸਰ ਦੀ ਵਿਦਿਆਰਥਣ ਹੈ। ਉਸਨੇ ਆਪਣੀ 12ਵੀਂ ਦੀ ਪੜ੍ਹਾਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਗੁਰੂ ਤੋਂ ਪੂਰੀ ਕਰਨ ਤੋਂ ਬਾਅਦ BBA ਵਿੱਚ ਦਾਖਲਾ ਲਿਆ ਸੀ। ਪਿਛਲੇ ਸਾਲ ਵੀ ਉਸਨੇ BBA ਦੇ ਦੂਜੇ ਸਾਲ ਵਿੱਚ ਟੌਪ-10 ਵਿਦਿਆਰਥੀਆਂ ਵਿੱਚ ਆਪਣੀ ਥਾਂ ਬਣਾਈ ਸੀ।

ਨਿਹਾਰਕਾ ਦੇ ਪਿਤਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਪੰਜਾਬ ਦੇ 146 ਕਾਲਜਾਂ ਵਿੱਚੋਂ ਨਿਹਾਰਕਾ ਨੇ BBA ਫਾਈਨਲ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਧੀ ਦੀ ਇਸ ਕਾਮਯਾਬੀ ਨੇ ਪਰਿਵਾਰ ਦੇ ਨਾਲ-ਨਾਲ ਜੰਡਿਆਲਾ ਗੁਰੂ ਦਾ ਵੀ ਮਾਣ ਵਧਾਇਆ ਹੈ। ਨਿਹਾਰਕਾ ਦੀ ਮਾਤਾ ਮੁਤਾਬਕ ਉਹ ਪੜ੍ਹਾਈ ਵਿੱਚ ਸਖ਼ਤ ਮਿਹਨਤ ਕਰਨ ਦੇ ਨਾਲ ਘਰੇਲੂ ਕੰਮਾਂ ਵਿੱਚ ਵੀ ਪਰਿਵਾਰ ਦਾ ਸਹਿਯੋਗ ਕਰਦੀ ਹੈ। ਮਾਤਾ-ਪਿਤਾ ਦੀ ਇੱਛਾ ਹੈ ਕਿ ਉਨ੍ਹਾਂ ਦੀ ਧੀ ਭਵਿੱਖ ਵਿੱਚ ਵੱਡੇ ਅਹੁਦੇ ’ਤੇ ਪਹੁੰਚੇ। ਉੱਥੇ ਹੀ ਨਿਹਾਰਕਾ ਨੇ ਦੱਸਿਆ ਕਿ ਉਹ ਅੱਗੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ ਅਤੇ ਇਸ ਦੇ ਨਾਲ ਉੱਚ ਸਿੱਖਿਆ ਵੀ ਜਾਰੀ ਰੱਖੇਗੀ। ਨਿਹਾਰਕਾ ਦੀ ਇਸ ਪ੍ਰਾਪਤੀ ਨਾਲ ਜੰਡਿਆਲਾ ਗੁਰੂ ਵਿੱਚ ਖੁਸ਼ੀ ਦੀ ਲਹਿਰ ਹੈ। ਸ਼ਹਿਰ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਉਸਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।

 

Exit mobile version