ਨਿਊਯਾਰਕ/ਨਿਊ ਜਰਸੀ, 12 ਅਗਸਤ 2026 (ਹਰਸ਼ਪ੍ਰੀਤ ਕੌਰ) : ਭਾਰਤ ਦੇ 80ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਅਮਰੀਕਾ ਦੇ ਨਿਊਯਾਰਕ ਅਤੇ ਨਿਊ ਜਰਸੀ ਸੂਬਿਆਂ ਨੇ 15 ਅਗਸਤ ਨੂੰ ‘ਇੰਡੀਆ ਇੰਡੀਪੈਂਡੈਂਸ ਡੇ’ ਵਜੋਂ ਅਧਿਕਾਰਤ ਤੌਰ ’ਤੇ ਮਾਨਤਾ ਦਿੱਤੀ ਹੈ। ਦੋਵਾਂ ਸੂਬਿਆਂ ਵੱਲੋਂ ਜਾਰੀ ਕੀਤੀਆਂ ਗਈਆਂ ਘੋਸ਼ਣਾਵਾਂ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਅਤੇ ਲੋਕਤੰਤਰਕ ਮੁੱਲਾਂ ਨੂੰ ਸਨਮਾਨ ਦਿੱਤਾ ਗਿਆ ਹੈ। ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਕੌਂਸਲੇਟ ਮੁਤਾਬਕ ਨਿਊਯਾਰਕ ਦੀ ਗਵਰਨਰ ਕੈਥੀ ਹੋਕੁਲ ਨੇ 15 ਅਗਸਤ ਨੂੰ ‘ਇੰਡੀਆ ਇੰਡੀਪੈਂਡੈਂਸ ਡੇ’ ਵਜੋਂ ਮਾਨਤਾ ਦੇਣ ਵਾਲੀ ਘੋਸ਼ਣਾ ’ਤੇ ਦਸਤਖ਼ਤ ਕੀਤੇ। ਇਸੇ ਤਰ੍ਹਾਂ ਨਿਊ ਜਰਸੀ ਦੀ ਗਵਰਨਰ ਮਿਕੀ ਸ਼ੈਰਿਲ ਨੇ ਵੀ ਆਪਣੇ ਸੂਬੇ ਲਈ ਇਸੇ ਤਰ੍ਹਾਂ ਦੀ ਘੋਸ਼ਣਾ ਜਾਰੀ ਕੀਤੀ।
ਭਾਰਤ-ਅਮਰੀਕਾ ਦੋਸਤੀ ਦਾ ਵੀ ਜ਼ਿਕਰ
ਇਨ੍ਹਾਂ ਘੋਸ਼ਣਾਵਾਂ ਵਿੱਚ ਭਾਰਤ ਦੀ ਆਜ਼ਾਦੀ ਅਤੇ ਲੋਕਤੰਤਰਕ ਵਿਕਾਸ ਦੀ ਯਾਤਰਾ ਨੂੰ ਉਜਾਗਰ ਕਰਦੇ ਹੋਏ ਭਾਰਤ ਅਤੇ ਅਮਰੀਕਾ ਵਿਚਾਲੇ ਸਾਂਝੇ ਲੋਕਤੰਤਰਕ ਮੁੱਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਨਿਊਯਾਰਕ ਦੀ ਘੋਸ਼ਣਾ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਸੂਬੇ ਦੀ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਤਰੱਕੀ ਵਿੱਚ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਉੱਥੇ ਹੀ ਨਿਊ ਜਰਸੀ ਦੀ ਘੋਸ਼ਣਾ ਵਿੱਚ ਸੂਬੇ ਵਿੱਚ ਵੱਸਦੇ ਵੱਡੇ ਅਤੇ ਸਰਗਰਮ ਭਾਰਤੀ-ਅਮਰੀਕੀ ਭਾਈਚਾਰੇ ਦੇ ਸਿੱਖਿਆ, ਸਿਹਤ ਸੇਵਾਵਾਂ, ਤਕਨਾਲੋਜੀ, ਖੋਜ, ਕਾਰੋਬਾਰ ਅਤੇ ਜਨਤਕ ਸੇਵਾਵਾਂ ਵਿੱਚ ਯੋਗਦਾਨ ਨੂੰ ਰੇਖਾਂਕਿਤ ਕੀਤਾ ਗਿਆ। ਭਾਰਤੀ ਕੌਂਸਲੇਟ ਨੇ ਦੋਵਾਂ ਸੂਬਿਆਂ ਦੇ ਗਵਰਨਰਾਂ ਦਾ ਧੰਨਵਾਦ ਕਰਦਿਆਂ ਇਸ ਨੂੰ ਭਾਰਤ-ਅਮਰੀਕਾ ਦੀ ਮਜ਼ਬੂਤ ਦੋਸਤੀ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦੀ ਪਛਾਣ ਕਰਾਰ ਦਿੱਤਾ।
ਹੋਰ ਅਮਰੀਕੀ ਸੂਬਿਆਂ ਨੇ ਵੀ ਦਿੱਤੀ ਮਾਨਤਾ
ਨਿਊਯਾਰਕ ਅਤੇ ਨਿਊ ਜਰਸੀ ਤੋਂ ਪਹਿਲਾਂ ਮੈਸਾਚੂਸੇਟਸ ਦੀ ਗਵਰਨਰ ਮੌਰਾ ਹੀਲੀ ਨੇ 1 ਅਗਸਤ ਨੂੰ ‘ਇੰਡੀਆ ਡੇ’ ਸਬੰਧੀ ਘੋਸ਼ਣਾ ਜਾਰੀ ਕੀਤੀ ਸੀ। ਬੋਸਟਨ ਦੀ ਮੇਅਰ ਮਿਸ਼ੇਲ ਵੂ ਵੱਲੋਂ ਵੀ ਸ਼ਹਿਰ ਪੱਧਰ ’ਤੇ ਇਸੇ ਤਰ੍ਹਾਂ ਦੀ ਮਾਨਤਾ ਦਿੱਤੀ ਗਈ। ਅਮਰੀਕਾ ਵਿੱਚ ਭਾਰਤੀ-ਅਮਰੀਕੀ ਭਾਈਚਾਰਾ ਹਰ ਸਾਲ ਆਜ਼ਾਦੀ ਦਿਵਸ ਨੂੰ ਝੰਡਾ ਲਹਿਰਾਉਣ ਦੀਆਂ ਰਸਮਾਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਵੱਖ-ਵੱਖ ਭਾਈਚਾਰਕ ਸਮਾਗਮਾਂ ਰਾਹੀਂ ਮਨਾਉਂਦਾ ਹੈ।
