ਨਵੀਂ ਦਿੱਲੀ, 9 ਨਵੰਬਰ: ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦੇਣ ਲਈ ਕੇਂਦਰ ਸਰਕਾਰ ਨੇ ਕੈਂਸਰ ਵਿਰੋਧੀ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੀ ਪਹਿਲ ਕੀਤੀ ਹੈ। ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਅਧੀਨ ਰਾਸ਼ਟਰੀ ਫਾਰਮਾਸਿਊਟੀਕਲ ਕੀਮਤ ਅਥਾਰਟੀ (NPPA) ਵੱਲੋਂ 137 ਕੈਂਸਰ ਵਿਰੋਧੀ ਦਵਾਈਆਂ ਦੇ ਵੱਧ ਤੋਂ ਵੱਧ ਪ੍ਰਚੂਨ ਮੁੱਲ (MRP) ਉੱਤੇ ਵਪਾਰਕ ਹਾਸ਼ੀਏ ਦੀ ਸੀਮਾ ਤੈਅ ਕੀਤੀ ਗਈ ਹੈ। ਇਹ ਫੈਸਲਾ 17 ਅਕਤੂਬਰ 2026 ਨੂੰ ਸਿਹਤ ਸੇਵਾਵਾਂ ਡਾਇਰੈਕਟੋਰੇਟ ਜਨਰਲ (DGHS) ਵੱਲੋਂ ਗਠਿਤ ਮਾਹਰ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਲਿਆ ਗਿਆ ਸੀ।
ਮੰਤਰਾਲੇ ਵੱਲੋਂ 8 ਨਵੰਬਰ ਤੱਕ ਜਾਰੀ ਅੰਕੜਿਆਂ ਅਨੁਸਾਰ, ਕੁੱਲ 85 ਦਵਾਈ ਕੰਪਨੀਆਂ ਨੇ 1,364 ਫਾਰਮੂਲੇਸ਼ਨਾਂ ਦੀਆਂ ਸੋਧੀਆਂ ਹੋਈਆਂ ਕੀਮਤਾਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿੱਚੋਂ 679 ਬ੍ਰਾਂਡਾਂ ਦੀਆਂ ਕੀਮਤਾਂ ਵਿੱਚ 50 ਫੀਸਦੀ ਤੋਂ ਵੱਧ ਦੀ ਕਟੌਤੀ ਦਰਜ ਕੀਤੀ ਗਈ ਹੈ, ਜਦਕਿ ਸਭ ਤੋਂ ਵੱਧ ਕੀਮਤ ਵਿੱਚ 96.45 ਫੀਸਦੀ ਤੱਕ ਦੀ ਕਮੀ ਆਈ ਹੈ।
ਸਰਕਾਰ ਦੇ ਇਸ ਕਦਮ ਦਾ ਮੁੱਖ ਉਦੇਸ਼ ਕੈਂਸਰ ਦੇ ਇਲਾਜ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਲਿਆਉਣਾ ਅਤੇ ਮਹਿੰਗੀਆਂ ਦਵਾਈਆਂ ਕਾਰਨ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਾਂ ਉੱਤੇ ਪੈਣ ਵਾਲੇ ਆਰਥਿਕ ਬੋਝ ਨੂੰ ਘਟਾਉਣਾ ਹੈ।
NPPA ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਵਾਈਆਂ ਦੇ ਪੈਕ ਉੱਤੇ ਛਪੀ ਨਵੀਂ MRP ਦੀ ਜਾਂਚ ਕਰਨ। ਇਸ ਤੋਂ ਇਲਾਵਾ ‘ਫਾਰਮਾ ਸਹੀ ਦਾਮ’ ਮੋਬਾਈਲ ਐਪ ਜਾਂ ਅਥਾਰਟੀ ਦੀ ਅਧਿਕਾਰਤ ਵੈੱਬਸਾਈਟ nppa.gov.in ਰਾਹੀਂ ਵੀ ਦਵਾਈਆਂ ਦੀਆਂ ਸੋਧੀਆਂ ਕੀਮਤਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
