ਨਵੀਂ ਦਿੱਲੀ, 24 ਅਕਤੂਬਰ, 2026 (ਛਤਰਪਾਲ ਸਿੰਘ) : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ (MHA) ਨੇ ਦੇਸ਼ ਭਰ ਦੀਆਂ ਪੁਲਿਸ ਫੋਰਸਾਂ ਅਤੇ ਹੋਰ ਜਨਤਕ ਸੁਰੱਖਿਆ ਏਜੰਸੀਆਂ ਵਿਚਕਾਰ ਸੰਚਾਰ ਪ੍ਰਣਾਲੀ ਨੂੰ ਬਿਹਤਰ ਅਤੇ ਮਜ਼ਬੂਤ ਬਣਾਉਣ ਦੇ ਮਕਸਦ ਨਾਲ ਇੱਕ ਵੱਡਾ ਕਦਮ ਚੁੱਕਿਆ ਹੈ। ਮੰਤਰਾਲੇ ਨੇ ਪ੍ਰਸਤਾਵਿਤ ਦੇਸ਼-ਵਿਆਪੀ ‘ਬ੍ਰੌਡਬੈਂਡ ਪਬਲਿਕ ਪ੍ਰੋਟੈਕਸ਼ਨ ਐਂਡ ਡਿਜ਼ਾਸਟਰ ਰਿਲੀਫ਼’ (BB-PPDR) ਕਮਿਊਨੀਕੇਸ਼ਨ ਸਿਸਟਮ ਦੇ ਨੈੱਟਵਰਕ ਢਾਂਚੇ (Architecture) ਲਈ ਆਮ ਜਨਤਾ ਅਤੇ ਸਬੰਧਤ ਹਿੱਸੇਦਾਰਾਂ (Stakeholders) ਤੋਂ ਰਾਏ ਅਤੇ ਸੁਝਾਅ ਮੰਗੇ ਹਨ। ਇਸ ਪ੍ਰਸਤਾਵਿਤ ਨੈੱਟਵਰਕ ਦਾ ਮੁੱਖ ਉਦੇਸ਼ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪੁਲਿਸ, ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs), ਰਾਸ਼ਟਰੀ ਆਫ਼ਤ ਰਿਸਪਾਂਸ ਫੋਰਸ (NDRF), ਫਾਇਰ ਬ੍ਰਿਗੇਡ, ਮੈਡੀਕਲ ਸੇਵਾਵਾਂ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ‘ਮਿਸ਼ਨ ਕ੍ਰਿਟੀਕਲ ਪੁਸ਼-ਟੂ-ਟਾਕ’ (MCPTT), ‘ਮਿਸ਼ਨ ਕ੍ਰਿਟੀਕਲ ਡਾਟਾ’ ਅਤੇ ‘ਮਿਸ਼ਨ ਕ੍ਰਿਟੀਕਲ ਵੀਡੀਓ’ ਵਰਗੀਆਂ ਆਧੁਨਿਕ ਸੁਵਿਧਾਵਾਂ ਪ੍ਰਦਾਨ ਕਰਨਾ ਹੈ।
ਤਕਨਾਲੋਜੀ ਅਤੇ ਲਾਗਤ ‘ਤੇ ਮੰਗੇ ਸੁਝਾਅ
ਪ੍ਰੈੱਸ ਇਨਫਰਮੇਸ਼ਨ ਬਿਊਰੋ (PIB) ਅਨੁਸਾਰ, ਮੰਤਰਾਲੇ ਨੇ ਨੈੱਟਵਰਕ ਦੇ ਡਿਜ਼ਾਈਨ, ਵਰਤੀ ਜਾਣ ਵਾਲੀ ਤਕਨਾਲੋਜੀ, ਇਸ ਦੇ ਫਾਇਦੇ-ਨੁਕਸਾਨ, ਲਾਗਤ ਅਤੇ ਭਾਰਤੀ ਪਰਿਸਥਿਤੀਆਂ ਦੇ ਅਨੁਕੂਲ ਹੋਣ ਵਰਗੇ ਮਹੱਤਵਪੂਰਨ ਪਹਿਲੂਆਂ ‘ਤੇ ਸੁਝਾਅ ਮੰਗੇ ਹਨ। ਇਸ ਸਿਸਟਮ ਨਾਲ ਸਬੰਧਤ ‘ਕਨਸੈਪਟ ਨੋਟ’ (Concept Note) ਗ੍ਰਹਿ ਮੰਤਰਾਲੇ ਅਤੇ ‘ਡਾਇਰੈਕਟਰੇਟ ਆਫ਼ ਕੋਆਰਡੀਨੇਸ਼ਨ ਪੁਲਿਸ ਵਾਇਰਲੈੱਸ’ (DCPW) ਦੀਆਂ ਵੈੱਬਸਾਈਟਾਂ ‘ਤੇ ਅੱਪਲੋਡ ਕਰ ਦਿੱਤਾ ਗਿਆ ਹੈ, ਜਿੱਥੋਂ ਇਸ ਨੂੰ ਦੇਖਿਆ ਜਾ ਸਕਦਾ ਹੈ।
ਸੁਝਾਅ ਭੇਜਣ ਦੀ ਆਖਰੀ ਮਿਤੀ
ਸਬੰਧਤ ਧਿਰਾਂ ਅਤੇ ਆਮ ਨਾਗਰਿਕ ਆਪਣੇ ਸੁਝਾਅ ਈਮੇਲ ਰਾਹੀਂ dd-ppdr@dcpw.gov.in ਅਤੇ ad.ppdr@dcpw.gov.in ‘ਤੇ ਭੇਜ ਸਕਦੇ ਹਨ। ਸੁਝਾਅ ਭੇਜਣ ਦੀ ਆਖਰੀ ਮਿਤੀ 5 ਨਵੰਬਰ ਤੈਅ ਕੀਤੀ ਗਈ ਹੈ। ਈਮੇਲ ਭੇਜਦੇ ਸਮੇਂ ਵਿਸ਼ਾ (Subject Line) “BB-PPDR Architecture — Stakeholder Feedback” ਲਿਖਣਾ ਲਾਜ਼ਮੀ ਹੈ।






