ਨਵੀਂ ਦਿੱਲੀ, 29 ਅਗਸਤ, 2026 (ਕਾਜਲ) : ਨੇਪਾਲ ਵਿੱਚ ਭੋਟੇਕੋਸ਼ੀ ਅਤੇ ਤ੍ਰਿਸ਼ੂਲੀ ਦਰਿਆਵਾਂ ਦੇ ਇਲਾਕਿਆਂ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਭਾਰਤ ਵੱਲੋਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਤੇਜ਼ ਕਰ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਹੁਣ ਤੱਕ 84 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਬਚਾਏ ਗਏ ਲੋਕਾਂ ਵਿੱਚ ਤਾਮਿਲਨਾਡੂ ਦੇ 21 ਨਾਗਰਿਕ ਸ਼ਾਮਲ ਹਨ, ਜੋ ਸ਼ੁੱਕਰਵਾਰ ਨੂੰ ਭਾਰਤ ਪਰਤ ਆਏ। ਇਸ ਤੋਂ ਇਲਾਵਾ ਤ੍ਰਿਸ਼ੂਲੀ-1 ਹਾਈਡ੍ਰੋਪਾਵਰ ਪ੍ਰਾਜੈਕਟ ਵਿੱਚ ਕੰਮ ਕਰ ਰਹੇ 63 ਭਾਰਤੀ ਕਰਮਚਾਰੀਆਂ ਨੂੰ ਵੀ ਸੁਰੱਖਿਅਤ ਕੱਢਿਆ ਗਿਆ ਹੈ। ਇਸੇ ਦੌਰਾਨ ਚੀਨ ਵੱਲੋਂ 149 ਭਾਰਤੀ ਨਾਗਰਿਕ ਸੁਰੱਖਿਅਤ ਤਰੀਕੇ ਨਾਲ ਨੇਪਾਲ ਪਹੁੰਚ ਚੁੱਕੇ ਹਨ, ਜਦਕਿ ਲਗਭਗ 400 ਭਾਰਤੀ ਨਾਗਰਿਕ ਚੀਨ ਵਿੱਚ ਸੁਰੱਖਿਅਤ ਹਨ। ਭਾਰਤੀ ਦੂਤਾਵਾਸ ਉਨ੍ਹਾਂ ਨੂੰ ਨੇਪਾਲ ਜਾਂ ਭਾਰਤ ਲਿਆਉਣ ਲਈ ਤਾਲਮੇਲ ਕਰ ਰਿਹਾ ਹੈ। ਹਾਲਾਂਕਿ ਟੈਲੀਕਾਮ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਕਰੀਬ 320 ਭਾਰਤੀ ਨਾਗਰਿਕਾਂ ਨਾਲ ਅਜੇ ਸੰਪਰਕ ਨਹੀਂ ਹੋ ਸਕਿਆ। ਭਾਰਤ ਨੇ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤ ਕਰਦਿਆਂ 11 ਮੈਂਬਰੀ ਵਿਸ਼ੇਸ਼ ਮੈਡੀਕਲ ਅਤੇ ਟਨਲ ਰੈਸਕਿਊ ਟੀਮ ਨੇਪਾਲ ਭੇਜੀ ਹੈ। ਇਹ ਟੀਮ ਭਾਰਤੀ ਹਵਾਈ ਫੌਜ ਦੀ ਤੀਜੀ ਸਹਾਇਤਾ ਉਡਾਣ ਰਾਹੀਂ ਨੇਪਾਲ ਪਹੁੰਚੀ। ਟੀਮ ਦਾ ਮੁੱਖ ਧਿਆਨ ਮੁਸ਼ਕਲ ਅਤੇ ਖਤਰਨਾਕ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਅਤੇ ਮੈਡੀਕਲ ਸਹਾਇਤਾ ਦੇਣ ’ਤੇ ਰਹੇਗਾ। ਭਾਰਤ ਵੱਲੋਂ ਭੇਜੀ ਗਈ ਰਾਹਤ ਸਮੱਗਰੀ ਨੇਪਾਲ ਦੇ ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਮੰਤਰੀ ਮਹਾਬੀਰ ਪੁਨ ਨੂੰ ਸੌਂਪੀ ਗਈ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਰਾਹਤ ਸਮੱਗਰੀ ਅਤੇ ਰੈਸਕਿਊ ਟੀਮ ਨਾਲ ਸਬੰਧਤ ਜਾਣਕਾਰੀ ਸਾਂਝੀ ਕੀਤੀ। ਨੇਪਾਲ ਵਿੱਚ ਬਚਾਅ ਮੁਹਿੰਮ ਵੱਡੇ ਪੱਧਰ ’ਤੇ ਜਾਰੀ ਹੈ। ਪ੍ਰਧਾਨ ਮੰਤਰੀ ਬਾਲੇਨ ਸ਼ਾਹ ਮੁਤਾਬਕ 15 ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਹਨ ਅਤੇ ਹੁਣ ਤੱਕ 4,451 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਭੋਟੇਕੋਸ਼ੀ ਦਰਿਆ ਖੇਤਰ ਵਿੱਚ ਫਲੈਸ਼ ਫਲੱਡ ਕਾਰਨ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਕਈ ਲੋਕਾਂ ਦੇ ਮਾਰੇ ਜਾਣ ਜਾਂ ਲਾਪਤਾ ਹੋਣ ਦੀਆਂ ਰਿਪੋਰਟਾਂ ਹਨ ਅਤੇ ਸੜਕਾਂ ਤੇ ਸੰਚਾਰ ਸੇਵਾਵਾਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਭਾਰਤ ਵੱਲੋਂ ਹੁਣ ਰਾਹਤ ਸਮੱਗਰੀ ਦੇ ਨਾਲ ਵਿਸ਼ੇਸ਼ ਮੈਡੀਕਲ ਅਤੇ ਰੈਸਕਿਊ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।







