Home ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਟ੍ਰੋਕ ਅਤੇ ਹਿਰਦੇ ਸਿਹਤ ਸੰਭਾਲ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਟ੍ਰੋਕ ਅਤੇ ਹਿਰਦੇ ਸਿਹਤ ਸੰਭਾਲ ਵਿੱਚ ਫਿਜ਼ੀਓਥੈਰੇਪੀ ‘ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ

Advancing healthcare: Sri Guru Granth Sahib World University hosts National Seminar on Stroke & Cardiac Physiotherapy!

0
ਪ੍ਰੋ. (ਡਾ.) ਨਰਕੀਸ਼ ਅਰੁਮੁਗਮ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ, ਡਾ. ਪੰਕਜਪ੍ਰੀਤ ਸਿੰਘ ਅਤੇ ਡਾ. ਸੁਪ੍ਰੀਤ ਬਿੰਦਰਾ ਵੱਲੋਂ ਸਨਮਾਨਿਤ ਕਰਦੇ ਹੋਏ।

ਫ਼ਤਹਿਗੜ੍ਹ ਸਾਹਿਬ, 24 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਵੱਲੋਂ 22 ਅਕਤੂਬਰ 2026 ਨੂੰ “ਸਟ੍ਰੋਕ ਅਤੇ ਹਿਰਦੇ ਤੇ ਰਕਤ ਵਾਹਿਕਾ ਸਿਹਤ ਸੰਭਾਲ ਵਿੱਚ ਫਿਜ਼ੀਓਥੈਰੇਪੀ: ਰੋਕਥਾਮ ਤੋਂ ਮੁੜ-ਵਸੇਬੇ ਤੱਕ” (Physiotherapy in Stroke and Cardiovascular Healthcare: From Prevention to Rehabilitation) ਵਿਸ਼ੇ ‘ਤੇ ਇਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਿਹਤ ਸੰਭਾਲ ਮਾਹਰਾਂ, ਅਕਾਦਮਿਕ ਸ਼ਖ਼ਸੀਅਤਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਸਟ੍ਰੋਕ ਤੋਂ ਬਾਅਦ ਮੁੜ-ਵਸੇਬੇ (rehabilitation), ਹਿਰਦੇ ਸਿਹਤ ਸੰਭਾਲ ਅਤੇ ਤੱਥ-ਆਧਾਰਿਤ (evidence-based) ਇਲਾਜ ਪ੍ਰਣਾਲੀਆਂ ਵਿੱਚ ਹੋ ਰਹੀਆਂ ਨਵੀਆਂ ਪ੍ਰਾਪਤੀਆਂ ‘ਤੇ ਵਿਚਾਰ-ਵਟਾਂਦਰਾ ਕਰਨਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਧੁਨ ਨਾਲ ਹੋਈ, ਜਿਸ ਤੋਂ ਬਾਅਦ ਫਿਜ਼ੀਓਥੈਰੇਪੀ ਵਿਭਾਗ ਦੇ ਮੁਖੀ ਡਾ. ਸੁਪ੍ਰੀਤ ਬਿੰਦਰਾ ਨੇ ਜੀ ਆਇਆਂ ਦਾ ਭਾਸ਼ਣ ਦਿੱਤਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਫਿਜ਼ੀਓਥੈਰੇਪੀ ਵਿਭਾਗ ਦੀ ਸਾਬਕਾ ਮੁਖੀ ਅਤੇ ਪ੍ਰਸਿੱਧ ਫਿਜ਼ੀਓਥੈਰੇਪਿਸਟ ਪ੍ਰੋ. (ਡਾ.) ਨਰਕੀਸ਼ ਅਰੂਮੁਗਮ ਨੇ ਮੁੱਖ ਭਾਸ਼ਣ ਦਿੱਤਾ। ਉਦਘਾਟਨੀ ਸ਼ੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਪ੍ਰਿਤ ਪਾਲ ਸਿੰਘ ਨੇ ਕੀਤੀ, ਜਿਨ੍ਹਾਂ ਨੇ ਸਿਹਤ ਸੰਭਾਲ ਖੇਤਰ ਵਿੱਚ ਅਕਾਦਮਿਕ ਗਤੀਵਿਧੀਆਂ, ਪੇਸ਼ੇਵਰ ਵਿਕਾਸ ਅਤੇ ਆਧੁਨਿਕ ਤਕਨਾਲੋਜੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ.) ਸੁਖਵਿੰਦਰ ਸਿੰਘ ਬਿਲਿੰਗ ਵੀ ਹਾਜ਼ਰ ਸਨ।

ਸੈਮੀਨਾਰ ਦੇ ਤਕਨੀਕੀ ਸ਼ੈਸ਼ਨਾਂ ਦੌਰਾਨ ਗ੍ਰੈਜੂਏਟ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਆਨਲਾਈਨ ਅਤੇ ਆਫਲਾਈਨ ਮਾਧਿਅਮ ਰਾਹੀਂ ਖੋਜ ਪੱਤਰ ਅਤੇ ਪੋਸਟਰ ਪੇਸ਼ ਕੀਤੇ। ਮਾਹਰਾਂ ਨੇ ਨੌਜਵਾਨਾਂ ਵਿੱਚ ਸਟ੍ਰੋਕ ਦੇ ਸੰਭਾਵਿਤ ਕਾਰਨਾਂ, ਛਾਤੀ ਦੇ ਉਪਰਲੇ ਹਿੱਸੇ ਦੀਆਂ ਰਕਤ ਵਾਹਿਕਾਵਾਂ ‘ਤੇ ਦਬਾਅ ਅਤੇ ਸਟ੍ਰੋਕ ਦੇ ਆਪਸੀ ਸਬੰਧ, ਹਿਰਦੇ ਦੇ ਮੁੜ-ਵਸੇਬੇ ਅਤੇ ਸਟ੍ਰੋਕ ਦੇ ਇਲਾਜ ਵਿੱਚ ਵਰਚੁਅਲ ਰਿਐਲਿਟੀ (Virtual Reality) ਤਕਨਾਲੋਜੀ ਦੀ ਵਰਤੋਂ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਖਾਣ-ਪੀਣ ਨਾਲ ਸਬੰਧਤ ਵਿਗਾੜਾਂ ਕਾਰਨ ਹਿਰਦੇ ਅਤੇ ਨਾੜੀ ਪ੍ਰਣਾਲੀ ‘ਤੇ ਪੈਣ ਵਾਲੇ ਪ੍ਰਭਾਵਾਂ ‘ਤੇ ਵੀ ਵਿਚਾਰ ਸਾਂਝੇ ਕੀਤੇ ਗਏ।ਇਨ੍ਹਾਂ ਸ਼ੈਸ਼ਨਾਂ ਦੌਰਾਨ ਸਟ੍ਰੋਕ ਦੇ ਮਰੀਜ਼ਾਂ ਦੇ ਮੁੜ-ਵਸੇਬੇ ਵਿੱਚ ਮਦਦਗਾਰ ਉਪਕਰਨਾਂ ਦੀ ਭੂਮਿਕਾ ਅਤੇ ਪੱਠਿਆਂ ਦੇ ਖਿਚਾਅ ਨਾਲ ਪ੍ਰਭਾਵਿਤ ਹੱਥਾਂ ਦੀ ਕਾਰਜਕੁਸ਼ਲਤਾ ਵਿੱਚ ਸੁਧਾਰ ਲਈ ਤੱਥ-ਆਧਾਰਿਤ ਰਣਨੀਤੀਆਂ ‘ਤੇ ਵੀ ਚਰਚਾ ਕੀਤੀ ਗਈ। ਮਾਹਰਾਂ ਨੇ ਦੱਸਿਆ ਕਿ ਆਧੁਨਿਕ ਫਿਜ਼ੀਓਥੈਰੇਪੀ ਰਾਹੀਂ ਮਰੀਜ਼ਾਂ ਦੀ ਕਾਰਜਕੁਸ਼ਲਤਾ ਨੂੰ ਬਿਹਤਰ ਬਣਾਉਣ, ਮੁੜ-ਵਸੇਬੇ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਲੰਬੇ ਸਮੇਂ ਦੀ ਸਿਹਤ ਸੰਭਾਲ ਵਿੱਚ ਵੱਡੀ ਮਦਦ ਮਿਲ ਸਕਦੀ ਹੈ।

“ਮੁੜ-ਵਸੇਬੇ ਤੋਂ ਅੱਗੇ: ਸਟ੍ਰੋਕ ਅਤੇ ਹਿਰਦੇ ਸਿਹਤ ਸੰਭਾਲ ਵਿੱਚ ਫਿਜ਼ੀਓਥੈਰੇਪੀ ਦੀ ਬਦਲਦੀ ਭੂਮਿਕਾ” ਵਿਸ਼ੇ ‘ਤੇ ਕਰਵਾਈ ਗਈ ਪੈਨਲ ਚਰਚਾ ਦੌਰਾਨ ਮਾਹਰਾਂ ਨੇ ਉੱਭਰ ਰਹੀਆਂ ਕਲੀਨਿਕਲ ਚੁਣੌਤੀਆਂ, ਤੱਥ-ਆਧਾਰਿਤ ਇਲਾਜ ਵਿਧੀਆਂ ਅਤੇ ਬੀਮਾਰੀ ਦੀ ਰੋਕਥਾਮ ਤੋਂ ਲੈ ਕੇ ਮਰੀਜ਼ ਦੀ ਦੇਖਭਾਲ ਤੱਕ ਫਿਜ਼ੀਓਥੈਰੇਪੀ ਦੀ ਮਹੱਤਤਾ ‘ਤੇ ਵਿਚਾਰ-ਵਟਾਂਦਰਾ ਕੀਤਾ। ਸਮਾਪਤੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. (ਡਾ.) ਤੇਜਬੀਰ ਸਿੰਘ ਅਤੇ ਡੀਨ ਰਿਸਰਚ ਪ੍ਰੋ. (ਡਾ.) ਨਵਦੀਪ ਕੌਰ ਨੇ ਸ਼ਿਰਕਤ ਕੀਤੀ। ਫੈਕਲਟੀ ਆਫ਼ ਅਲਾਇਡ ਐਂਡ ਹੈਲਥਕੇਅਰ ਸਾਇੰਸਜ਼ ਦੇ ਡੀਨ ਡਾ. ਪੰਕਜਪ੍ਰੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਮਹਿਮਾਨਾਂ, ਬੁਲਾਰਿਆਂ, ਭਾਗੀਦਾਰਾਂ, ਖੋਜਕਰਤਾਵਾਂ ਅਤੇ ਆਯੋਜਕ ਟੀਮ ਦੀ ਸ਼ਲਾਘਾ ਕੀਤੀ। ਇਹ ਰਾਸ਼ਟਰੀ ਸੈਮੀਨਾਰ ਫਿਜ਼ੀਓਥੈਰੇਪੀ ਸਿੱਖਿਆ ਨੂੰ ਮਜ਼ਬੂਤ ਕਰਨ, ਖੋਜ ਤੇ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨ ਅਤੇ ਸਟ੍ਰੋਕ ਮੁੜ-ਵਸੇਬੇ ਤੇ ਹਿਰਦੇ ਸਿਹਤ ਸੰਭਾਲ ਵਿੱਚ ਤੱਥ-ਆਧਾਰਿਤ ਇਲਾਜ ਪ੍ਰਣਾਲੀਆਂ ਨੂੰ ਵਧਾਵਾ ਦੇਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

 

Exit mobile version