ਪਟਿਆਲਾ, 31 ਅਗਸਤ, 2026 (ਦੀਪਕ ਦੱਤਾ) : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ “ਮਿਸ਼ਨ ਕਲੀਨ ਪੰਜਾਬ” ਤਹਿਤ ਨਗਰ ਨਿਗਮ ਪਟਿਆਲਾ ਵੱਲੋਂ ਅੱਜ ਮੁੜ ਸ਼ਹਿਰ ਅੰਦਰ ਵਿਸ਼ੇਸ਼ ‘ਕੂੜਾ ਸਫ਼ਾਈ ਮੁਹਿੰਮ’ ਹੇਠ ਸਫ਼ਾਈ ਕੀਤੀ ਗਈ। ਅੱਜ ਐਤਵਾਰ ਛੁੱਟੀ ਵਾਲੇ ਦਿਨ ਵੀ ਨਗਰ ਨਿਗਮ ਮੇਅਰ ਕੁੰਦਨ ਗੋਗੀਆ, ਤੇਜਿੰਦਰ ਮਹਿਤਾ ਚੇਅਰਮੈਨ ਜਿਲ੍ਹਾ ਪਲਾਨਿੰਗ ਕਮੇਟੀ ਸਮੇਤ, “ਮੇਰਾ ਪਟਿਆਲਾ ਮੈਂ ਹੀ ਸਵਾਰਾਂ” ਦੀ ਸਾਰੀ ਟੀਮ, ਨਵਦੀਪ ਸ਼ਰਮਾ ਚੀਫ ਸੈਨੀਟੇਸ਼ਨ ਅਫਸਰ ਅਤੇ ਨਿਗਮ ਟੀਮ ਵੱਲੋਂ ਸਨੌਰੀ ਅੱਡੇ ਮਲਹੋਤਰਾ ਸਵੀਟਸ ਤੋਂ ਲੈ ਕੇ ਭੂਤਨਾਥ ਜੀ ਦੇ ਮੰਦਿਰ ਤੱਕ ਪੂਰੇ ਰਸਤੇ ਦੀ ਸਫ਼ਾਈ ਕਰਵਾਈ ਗਈ। ਖੁਸ਼ੀ ਦੀ ਗੱਲ ਹੈ ਕਿ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਸਰਗਰਮੀ ਨਾਲ ਭਾਗ ਲੈ ਰਹੇ ਹਨ। ਮੁਹਿੰਮ ਦੌਰਾਨ ਸੜਕਾਂ ਦੇ ਕਿਨਾਰਿਆਂ, ਡਿਵਾਈਡਰਾਂ ਅਤੇ ਖਾਲੀ ਪਈਆਂ ਥਾਵਾਂ ਤੋਂ ਠੋਸ ਰਹਿੰਦ-ਖੂੰਹਦ , ਮਲਬਾ ਅਤੇ ਦਰੱਖਤਾਂ-ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਟਰੈਕਟਰ-ਟਰਾਲੀਆਂ ਅਤੇ ਇਲੈਕਟ੍ਰਿਕ ਵਾਹਨਾਂ ਰਾਹੀਂ ਤੁਰੰਤ ਚੁਕਵਾ ਕੇ ਢੁਕਵੇਂ ਸਥਾਨਾਂ ‘ਤੇ ਪਹੁੰਚਾਇਆ ਗਿਆ।
ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਨੂੰ ਕੂੜਾ-ਮੁਕਤ ਬਣਾਉਣ ਲਈ ਇਹ 10 ਦਿਨਾ ਮੁਹਿੰਮ 8 ਸਤੰਬਰ ਤੱਕ ਨਿਰਧਾਰਤ ਰੂਟ ਪਲਾਨ ਅਨੁਸਾਰ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਕੂੜਾ-ਮੁਕਤ ਅਤੇ ਪ੍ਰਦੂਸ਼ਣ-ਮੁਕਤ ਬਣਾਉਣ ਲਈ ਨਗਰ ਨਿਗਮ ਦਿਨ-ਰਾਤ ਯਤਨਸ਼ੀਲ ਹੈ। ਸਰਕਾਰੀ ਯਤਨਾਂ ਦੇ ਨਾਲ-ਨਾਲ ਜਦੋਂ ਆਮ ਨਾਗਰਿਕ, ਸਮਾਜ ਸੇਵੀ ਸੰਸਥਾਵਾਂ ਅਤੇ ਲੋਕ ਨੁਮਾਇੰਦੇ ਅੱਗੇ ਆ ਕੇ ਹੱਥ ਵਟਾਉਂਦੇ ਹਨ, ਤਾਂ ਕੋਈ ਵੀ ਮੁਹਿੰਮ ਵੱਡੀ ਕਾਮਯਾਬੀ ਬਣ ਜਾਂਦੀ ਹੈ। ਮੇਅਰ ਨੇ ਸਮਾਜਿਕ ਸੰਸਥਾਵਾਂ ਅਤੇ ਸਮੂਹ ਸ਼ਹਿਰ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਜਨਤਕ ਥਾਵਾਂ ‘ਤੇ ਕੂੜਾ ਨਾ ਸੁੱਟਣ, ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਕਰਕੇ ਹੀ ਨਿਗਮ ਦੀਆਂ ਗੱਡੀਆਂ ਵਿੱਚ ਪਾਉਣ ਅਤੇ ਆਪਣੇ ਆਲੇ-ਦੁਆਲੇ ਨੂੰ ਹਮੇਸ਼ਾ ਸਾਫ਼-ਸੁਥਰਾ ਰੱਖ ਕੇ ‘ਮਿਸ਼ਨ ਕਲੀਨ ਪੰਜਾਬ’ ਵਿੱਚ ਆਪਣਾ ਸਰਗਰਮ ਯੋਗਦਾਨ ਪਾਉਣ।
