Home ਪਟਿਆਲਾ ਅਪਡੇਟ ਮੁੱਕਾ ਏ ਪੰਜਾਬ’ ਕਿਤਾਬ ਰਿਲੀਜ਼, ਪੰਜਾਬ ਦੀ ਬਾਕਸਿੰਗ ਦੇ ਇਤਿਹਾਸ ਨੂੰ ਸਾਂਭਣ...

ਮੁੱਕਾ ਏ ਪੰਜਾਬ’ ਕਿਤਾਬ ਰਿਲੀਜ਼, ਪੰਜਾਬ ਦੀ ਬਾਕਸਿੰਗ ਦੇ ਇਤਿਹਾਸ ਨੂੰ ਸਾਂਭਣ ਦਾ ਉਪਰਾਲਾ

‘Mukka-e-Punjab’ Book Released to Preserve and Document Punjab’s Boxing History

0

ਪਟਿਆਲਾ, 3 ਅਕਤੂਬਰ, 2026 (ਬਲਜੀਤ ਸਰਨਾ) : ਪੰਜਾਬ ਦੀ ਬਾਕਸਿੰਗ ਦੇ ਇਤਿਹਾਸ, ਇਸ ਨਾਲ ਜੁੜੀਆਂ ਪ੍ਰਮੁੱਖ ਹਸਤੀਆਂ ਅਤੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਇਕੱਠਾ ਕਰਕੇ ਕਿਤਾਬੀ ਰੂਪ ਦੇਣ ਵਾਲੀ ਕਿਤਾਬ ‘ਮੁੱਕਾ ਏ ਪੰਜਾਬ’ ਰਿਲੀਜ਼ ਕੀਤੀ ਗਈ। ਕਿਤਾਬ ਦੇ ਲੇਖਕ ਅਤੇ ਸਾਬਕਾ ਬਾਕਸਿੰਗ ਕੋਚ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਨੂੰ ਤਿਆਰ ਕਰਨ ਪਿੱਛੇ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਦੀ ਬਾਕਸਿੰਗ ਦੇ ਉਸ ਇਤਿਹਾਸ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ, ਜਿਸ ਬਾਰੇ ਹੁਣ ਤੱਕ ਵਿਵਸਥਿਤ ਰੂਪ ਵਿੱਚ ਬਹੁਤ ਘੱਟ ਜਾਣਕਾਰੀ ਉਪਲਬਧ ਸੀ। ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਾਈ (SAI) ਵਿੱਚ ਲਗਭਗ ਸਾਢੇ ਸੱਤ ਸਾਲ ਕੰਮ ਕੀਤਾ ਅਤੇ ਬਾਅਦ ਵਿੱਚ ਆਊਟ ਆਫ ਸਟੇਸ਼ਨ ਪੋਸਟਿੰਗ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਰਾਹੀਂ ਬਾਕਸਿੰਗ ਨਾਲ ਜੁੜੇ ਰਹੇ। ਕਰੀਬ 32-33 ਸਾਲ ਦੇ ਤਜਰਬੇ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਕਈ ਨਾਮੀ ਬਾਕਸਰਾਂ ਅਤੇ ਕੋਚਾਂ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਬਾਕਸਿੰਗ ਦੀ ਸ਼ੁਰੂਆਤ ਬਾਰੇ ਗੱਲ ਹੁੰਦੀ ਸੀ ਤਾਂ ਪ੍ਰੀਤਮ ਸਿੰਘ ਬਰਾੜ ਅਤੇ ਸੰਗਰੂਰ ਨਾਲ ਜੁੜੇ ਪੁਰਾਣੇ ਦੌਰ ਦਾ ਜ਼ਿਕਰ ਹੁੰਦਾ ਸੀ, ਪਰ ਉਨ੍ਹਾਂ ਨੂੰ ਇਸ ਸਬੰਧੀ ਕੋਈ ਤਸੱਲੀਬਖਸ਼ ਅਤੇ ਦਸਤਾਵੇਜ਼ੀ ਜਵਾਬ ਨਹੀਂ ਮਿਲਿਆ। ਇਸੇ ਕਾਰਨ ਉਨ੍ਹਾਂ ਨੇ ਪੰਜਾਬ ਦੀ ਬਾਕਸਿੰਗ ਦੇ ਮੂਲ ਅਤੇ ਵਿਕਾਸ ਬਾਰੇ ਖੋਜ ਸ਼ੁਰੂ ਕੀਤੀ।

1955 ਵਿੱਚ ਲੁਧਿਆਣਾ ਤੋਂ ਬਾਕਸਿੰਗ ਦੀ ਸ਼ੁਰੂਆਤ ਦਾ ਦਸਤਾਵੇਜ਼ੀ ਹਵਾਲਾ

ਜਸਵੰਤ ਸਿੰਘ ਮੁਤਾਬਕ ਉਨ੍ਹਾਂ ਦੀ ਖੋਜ ਦੌਰਾਨ ਸਾਹਮਣੇ ਆਇਆ ਕਿ 1955 ਵਿੱਚ ਲੁਧਿਆਣਾ ਦੇ ਆਰੀਆ ਕਾਲਜ ਵਿੱਚ ਬਾਕਸਿੰਗ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਪਹਿਲੇ ਸਾਲ 16 ਬਾਕਸਰਾਂ ਨੇ ਹਿੱਸਾ ਲਿਆ। ਅਗਲੇ ਸਾਲ ਇਹ ਗਿਣਤੀ ਵਧ ਕੇ 32 ਹੋ ਗਈ। ਇਸ ਤੋਂ ਬਾਅਦ ਖੇਡ ਦਾ ਵਿਸਥਾਰ ਹੋਇਆ ਅਤੇ ਬਾਕਸਿੰਗ ਪੰਜਾਬ ਦੇ ਹੋਰ ਕੇਂਦਰਾਂ ਤੱਕ ਪਹੁੰਚੀ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਦਰਜ ਜਾਣਕਾਰੀ ਨੂੰ ਸਿਰਫ਼ ਸੁਣੀ-ਸੁਣਾਈ ਗੱਲਾਂ ਦੇ ਆਧਾਰ ’ਤੇ ਨਹੀਂ ਲਿਖਿਆ ਗਿਆ, ਸਗੋਂ ਉਪਲਬਧ ਰਿਕਾਰਡ ਅਤੇ ਪੁਰਾਣੀ ਜਾਣਕਾਰੀ ਨੂੰ ਇਕੱਠਾ ਕਰਕੇ ਦਰਜ ਕੀਤਾ ਗਿਆ ਹੈ।

ਨੈਸ਼ਨਲ ਪੱਧਰ ਤੋਂ ਉੱਪਰ ਦੇ ਬਾਕਸਰਾਂ ਦਾ ਵੀ ਜ਼ਿਕਰ

ਲੇਖਕ ਨੇ ਦੱਸਿਆ ਕਿ ਕਿਤਾਬ ਵਿੱਚ ਨੈਸ਼ਨਲ ਪੱਧਰ ਤੋਂ ਉੱਪਰ ਤੱਕ ਪਹੁੰਚੇ ਪੰਜਾਬ ਦੇ ਬਾਕਸਰਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਖਿਡਾਰੀਆਂ ਨੇ ਕਿਸ ਤਰ੍ਹਾਂ ਸੰਘਰਸ਼ ਕੀਤਾ, ਕਿੰਨੀ ਮਿਹਨਤ ਕੀਤੀ ਅਤੇ ਕਿਸ ਤਰ੍ਹਾਂ ਉੱਚ ਪੱਧਰ ਤੱਕ ਪਹੁੰਚੇ—ਇਨ੍ਹਾਂ ਪਹਿਲੂਆਂ ਨੂੰ ਵੀ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਤਾਬ ਵਿੱਚ ਸਿਰਫ਼ ਕਿਸੇ ਖਿਡਾਰੀ ਦੀਆਂ ਉਪਲਬਧੀਆਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦੀ ਬਜਾਏ ਓਲੰਪੀਅਨ ਅਤੇ ਅਸਲ ਅੰਤਰਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਨੂੰ ਵੱਖਰੇ ਤੌਰ ’ਤੇ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕੀਤੀ ਸ਼ਲਾਘਾ

ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਤਾਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਸਵੰਤ ਸਿੰਘ ਨੇ ਲੰਬੇ ਸਮੇਂ ਤੱਕ ਮੈਦਾਨ ਵਿੱਚ ਰਹਿ ਕੇ ਖਿਡਾਰੀਆਂ ਨੂੰ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ਵਿੱਚ ਬਾਕਸਿੰਗ ਦੇ ਇਤਿਹਾਸਕ ਵਿਕਾਸ ਤੋਂ ਲੈ ਕੇ ਸਮੇਂ ਦੇ ਨਾਲ ਖੇਡ ਵਿੱਚ ਆਈਆਂ ਤਬਦੀਲੀਆਂ ਅਤੇ ਤਰੱਕੀ ਨੂੰ ਦਰਜ ਕਰਨ ਦਾ ਯਤਨ ਕੀਤਾ ਗਿਆ ਹੈ। ਡਾ. ਗਿੱਲ ਨੇ ਕਿਹਾ ਕਿ ਅਜਿਹੀ ਕਿਤਾਬ ਸਿਰਫ਼ ਬਾਕਸਿੰਗ ਨਾਲ ਜੁੜੇ ਲੋਕਾਂ ਲਈ ਹੀ ਨਹੀਂ, ਸਗੋਂ ਨਵੀਂ ਪੀੜ੍ਹੀ ਦੇ ਖਿਡਾਰੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਸਕਦੀ ਹੈ।

ਓਲੰਪੀਅਨ ਸਿਮਰਨਜੀਤ ਕੌਰ ਨੇ ਵੀ ਦੱਸਿਆ ਮਹੱਤਵ

ਓਲੰਪੀਅਨ ਅਤੇ ਅਰਜੁਨਾ ਐਵਾਰਡੀ ਸਿਮਰਨਜੀਤ ਕੌਰ ਨੇ ਕਿਤਾਬ ਦੀ ਰਿਲੀਜ਼ ਮੌਕੇ ਕਿਹਾ ਕਿ ਪੰਜਾਬ ਦੀ ਬਾਕਸਿੰਗ ਨਾਲ ਸਬੰਧਤ ਅਜਿਹੀ ਜਾਣਕਾਰੀ ਨੂੰ ਕਿਤਾਬ ਦੇ ਰੂਪ ਵਿੱਚ ਸੰਭਾਲਣ ਦੀ ਲੋੜ ਲੰਬੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਪੰਜਾਬ ਵਿੱਚ ਬਾਕਸਿੰਗ ਦਾ ਸਫ਼ਰ ਕਿੱਥੋਂ ਸ਼ੁਰੂ ਹੋਇਆ ਅਤੇ ਪੁਰਾਣੇ ਦੌਰ ਦੇ ਕਿਹੜੇ ਖਿਡਾਰੀਆਂ ਨੇ ਇਸ ਖੇਡ ਨੂੰ ਅੱਗੇ ਵਧਾਇਆ। ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਮਿਹਨਤ, ਗੰਭੀਰਤਾ ਅਤੇ ਲਗਾਤਾਰ ਅਭਿਆਸ ਨਾਲ ਖੇਡ ਵਿੱਚ ਅੱਗੇ ਵਧਣ ਦਾ ਸੁਨੇਹਾ ਦਿੱਤਾ।

‘ਸਰਕਾਰ ਦੇ ਨਾਲ ਖਿਡਾਰੀਆਂ ਨੂੰ ਵੀ ਕਰਨੀ ਪਵੇਗੀ ਮਿਹਨਤ’

ਜਸਵੰਤ ਸਿੰਘ ਨੇ ਕਿਹਾ ਕਿ ਅੱਜ ਸਰਕਾਰ ਵੱਲੋਂ ਖੇਡਾਂ ਅਤੇ ਖਿਡਾਰੀਆਂ ਲਈ ਪਹਿਲਾਂ ਦੇ ਮੁਕਾਬਲੇ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਸਿਰਫ਼ ਸਰਕਾਰੀ ਸਹਾਇਤਾ ਨਾਲ ਸਫਲਤਾ ਹਾਸਲ ਨਹੀਂ ਕੀਤੀ ਜਾ ਸਕਦੀ। ਕੋਚਾਂ ਅਤੇ ਖਿਡਾਰੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਜੇਕਰ ਹਰ ਕੋਚ ਪੰਜ ਬੱਚਿਆਂ ਨੂੰ ਗੰਭੀਰਤਾ ਨਾਲ ਤਿਆਰ ਕਰਨ ਦਾ ਟੀਚਾ ਰੱਖੇ ਤਾਂ ਵੱਡੀ ਗਿਣਤੀ ਵਿੱਚ ਨੌਜਵਾਨ ਖਿਡਾਰੀ ਤਿਆਰ ਕੀਤੇ ਜਾ ਸਕਦੇ ਹਨ। ਉਨ੍ਹਾਂ ਦਾ ਸੰਦੇਸ਼ ਸੀ—“ਮਿਹਨਤ ਨਾਲ ਕੰਮ ਕਰੋ, ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ।” ਕਿਤਾਬ ਰਾਹੀਂ ਲੇਖਕ ਨੇ ਪੰਜਾਬ ਦੇ ਉਨ੍ਹਾਂ ਪੁਰਾਣੇ ਬਾਕਸਰਾਂ ਨੂੰ ਵੀ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਇਸ ਖੇਡ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਇਆ, ਪਰ ਸਮੇਂ ਦੇ ਨਾਲ ਉਨ੍ਹਾਂ ਦੇ ਨਾਮ ਅਤੇ ਪ੍ਰਾਪਤੀਆਂ ਲੋਕਾਂ ਦੀ ਯਾਦ ਤੋਂ ਦੂਰ ਹੁੰਦੀਆਂ ਗਈਆਂ। ‘ਮੁੱਕਾ ਏ ਪੰਜਾਬ’ ਨੂੰ ਪੰਜਾਬ ਦੀ ਬਾਕਸਿੰਗ ਦੇ ਇਤਿਹਾਸ ਅਤੇ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵੱਲ ਇੱਕ ਦਸਤਾਵੇਜ਼ੀ ਉਪਰਾਲੇ ਵਜੋਂ ਦੇਖਿਆ ਜਾ ਰਿਹਾ ਹੈ।

Exit mobile version