ਸੀ.ਸੀ.ਟੀ.ਵੀ. ਵੀਡੀਓ ’ਚ ਆਇਆ ਨਜ਼ਰ ਦਵਾਈਆਂ ਦੇ ਨਾਲ ਮੋਬਾਇਲ ਵੀ ਚੱਕਿਆ
ਪਟਿਆਲਾ, 5 ਜੁਲਾਈ: (ਦੀਪਕ ਦੱਤਾ) : ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਇਲਾਕੇ ਵਿੱਚ ਸਥਿਤ ਇੱਕ ਮੈਡੀਕਲ ਸਟੋਰ ‘ਤੇ ਮੋਬਾਈਲ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਦਵਾਈਆਂ ਲੈਣ ਦੇ ਬਹਾਨੇ ਮੈਡੀਕਲ ਸਟੋਰ ਵਿੱਚ ਆਇਆ ਅਤੇ ਮੌਕਾ ਮਿਲਦੇ ਹੀ ਕਾਊਂਟਰ ‘ਤੇ ਪਿਆ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਸਟੋਰ ਦੇ ਕਰਮਚਾਰੀ ਆਪਣੇ ਕੰਮ ਵਿੱਚ ਰੁੱਝੇ ਹੋਏ ਸਨ। ਇਸ ਦੌਰਾਨ ਸ਼ੱਕੀ ਵਿਅਕਤੀ ਨੇ ਕਾਊਂਟਰ ‘ਤੇ ਰੱਖਿਆ ਮੋਬਾਈਲ ਚੁੱਕ ਲਿਆ ਅਤੇ ਬਿਨਾਂ ਕਿਸੇ ਨੂੰ ਸ਼ੱਕ ਹੋਣ ਦਿੱਤੇ ਉਥੋਂ ਨਿਕਲ ਗਿਆ।
ਕੁਝ ਸਮੇਂ ਬਾਅਦ ਜਦੋਂ ਸਟੋਰ ਕਰਮਚਾਰੀਆਂ ਨੇ ਮੋਬਾਈਲ ਦੀ ਭਾਲ ਕੀਤੀ ਤਾਂ ਉਹ ਗਾਇਬ ਮਿਲਿਆ। ਇਸ ਤੋਂ ਬਾਅਦ ਸਟੋਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਇੱਕ ਵਿਅਕਤੀ ਮੋਬਾਈਲ ਚੁੱਕਦਾ ਹੋਇਆ ਨਜ਼ਰ ਆਇਆ।
ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸ਼ੱਕੀ ਵਿਅਕਤੀ ਦੀ ਪਛਾਣ ਕਰਕੇ ਉਸ ਦੀ ਭਾਲ ਵਿੱਚ ਜੁਟ ਗਈ ਹੈ। ਪੁਲਿਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਵਿਅਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ।
