ਬਸੀ ਪਠਾਣਾਂ/ਸ੍ਰੀ ਫ਼ਤਹਿਗੜ੍ਹ ਸਾਹਿਬ, 29 ਅਗਸਤ, 2026 (ਹਰਸ਼ਪ੍ਰੀਤ ਕੌਰ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਚਲਾਏ ਜਾ ਰਹੇ ‘ਮਿਸ਼ਨ ਕਲੀਨ ਪੰਜਾਬ’ ਤਹਿਤ ਨਗਰ ਕੌਂਸਲ ਬਸੀ ਪਠਾਣਾਂ ਵੱਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਅਤੇ ਐਸ.ਡੀ.ਐਮ. ਬਸੀ ਪਠਾਣਾਂ ਸ੍ਰੀਮਤੀ ਦੀਪਜੋਤ ਕੌਰ, ਪ੍ਧਾਨ ਨਗਰ ਕੌਂਸਲ ਰਾਜ ਪੁਰੀ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਕਰਵਾਈ ਗਈ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ “ਸਾਫ਼-ਸੁਥਰਾ ਸ਼ਹਿਰ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ, ਪਰ ਜਦੋਂ ਤੱਕ ਆਮ ਲੋਕ ਇਸ ਮੁਹਿੰਮ ਨਾਲ ਦਿਲੋਂ ਨਹੀਂ ਜੁੜਦੇ, ਉਦੋਂ ਤੱਕ ਇਸ ਦੇ ਪੂਰੇ ਨਤੀਜੇ ਪ੍ਰਾਪਤ ਨਹੀਂ ਕੀਤੇ ਜਾ ਸਕਦੇ।” ਉਨ੍ਹਾਂ ਕਿਹਾ ਕਿ ‘ਮਿਸ਼ਨ ਕਲੀਨ ਪੰਜਾਬ’ ਦਾ ਮਕਸਦ ਸਿਰਫ਼ ਸੜਕਾਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਵਿੱਚ ਸਫ਼ਾਈ ਪ੍ਰਤੀ ਸਥਾਈ ਜਾਗਰੂਕਤਾ ਪੈਦਾ ਕਰਨਾ ਵੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ-ਕਰਕਟ ਨਿਰਧਾਰਤ ਥਾਵਾਂ ’ਤੇ ਹੀ ਸੁੱਟਣ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਅਤੇ ਆਪਣੇ ਘਰਾਂ, ਦੁਕਾਨਾਂ ਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸਾਫ਼ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਨਗਰ ਕੌਂਸਲ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਅਧਿਕਾਰੀਆਂ ਅਤੇ ਸਫ਼ਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਬਾਜ਼ਾਰਾਂ, ਮੁੱਖ ਸੜਕਾਂ, ਜਨਤਕ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਈ ਜਾਵੇ ਅਤੇ ਇਕੱਠੇ ਹੋਏ ਕੂੜੇ ਦੀ ਸਮੇਂ ਸਿਰ ਚੁਕਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਮੁਹਿੰਮ ਨੂੰ ਇੱਕ ਦਿਨ ਦੀ ਗਤੀਵਿਧੀ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਬਲਕਿ ਇਸ ਨੂੰ ਲਗਾਤਾਰ ਜਾਰੀ ਰੱਖਦਿਆਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਫ਼ਾਈ ਸੇਵਕਾਂ ਨੇ ਸਰਗਰਮੀ ਨਾਲ ਭਾਗ ਲਿਆ। ਉਨ੍ਹਾਂ ਵੱਲੋਂ ਵੱਖ-ਵੱਖ ਸਥਾਨਾਂ ਦੀ ਸਫ਼ਾਈ ਕਰਨ ਦੇ ਨਾਲ-ਨਾਲ ਲੋਕਾਂ ਨੂੰ ਵੀ ਸਫ਼ਾਈ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਕਾਰਜ ਸਾਧਕ ਅਫਸਰ ਜਸਵੀਰ ਸਿੰਘ, ਜਤਿੰਦਰ ਕੁਮਾਰ ਵਾਇਸ ਪ੍ਰਧਾਨ, ਸੀਨੀਅਰ ਆਗੂ ਰਾਜੀਵ ਵਾਲਮੀਕੀ ਰਮਨ ਸ਼ਰਮਾ , ਕੌਂਸਲਰ ਅਨਿਲ ਕੁਮਾਰ, ਰਮਨ ਕੁਮਾਰ, ਕ੍ਰਿਸ਼ਣ ਛਾਬੜਾ ਪੰਡਿਤ ਸ਼੍ਰੀ ਰਾਮ ਮੰਦਿਰ ਸੇਵਕ ਰਾਮ ਹਾਜਰ ਸਨ।
