Homeਸੰਸਾਰਅਮਰੀਕੀ ਮਿਡਟਰਮ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਮਿਲਿਆ-ਜੁਲਿਆ ਪ੍ਰਦਰਸ਼ਨ, ਸੁਹਾਸ...

ਅਮਰੀਕੀ ਮਿਡਟਰਮ ਚੋਣਾਂ ’ਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਮਿਲਿਆ-ਜੁਲਿਆ ਪ੍ਰਦਰਸ਼ਨ, ਸੁਹਾਸ ਸੁਬਰਾਮਣਯਮ ਅਤੇ ਅਰੁਣਾ ਮਿਲਰ ਮੁੜ ਜਿੱਤੇ

Mixed Results for Indian-Americans in US Midterms; Suhas Subramanyam and Aruna Miller Win

ਫਲੋਰੀਡਾ ’ਚ ਪੀਆ ਦਾਂਡੀਆ ਅੱਗੇ, ਓਹਾਇਓ ’ਚ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਪਿੱਛੇ

ਵਾਸ਼ਿੰਗਟਨ ਡੀ.ਸੀ., 4 ਨਵੰਬਰ 2026 (ਛਤਰਪਾਲ ਸਿੰਘ ): ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਰਿਹਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਭਾਰਤੀ ਮੂਲ ਦੇ ਆਗੂ ਸੁਹਾਸ ਸੁਬਰਾਮਣਯਮ ਅਤੇ ਅਰੁਣਾ ਮਿਲਰ ਨੇ ਮੁੜ ਜਿੱਤ ਦਰਜ ਕੀਤੀ ਹੈ, ਜਦਕਿ ਫਲੋਰੀਡਾ ਵਿੱਚ ਪੀਆ ਦਾਂਡੀਆ ਆਪਣੇ ਵਿਰੋਧੀ ਤੋਂ ਅੱਗੇ ਚੱਲ ਰਹੀ ਹੈ। ਦੂਜੇ ਪਾਸੇ, ਓਹਾਇਓ ਦੇ ਗਵਰਨਰ ਅਹੁਦੇ ਦੀ ਦੌੜ ਵਿੱਚ ਰਿਪਬਲਿਕਨ ਪਾਰਟੀ ਦੇ ਵਿਵੇਕ ਰਾਮਾਸਵਾਮੀ ਪਿੱਛੇ ਹਨ। ਐਨਬੀਸੀ ਨਿਊਜ਼ ਦੇ ਸ਼ੁਰੂਆਤੀ ਚੋਣ ਅਨੁਮਾਨਾਂ ਅਨੁਸਾਰ, ਵਰਜੀਨੀਆ ਦੇ 10ਵੇਂ ਕਾਂਗਰਸਨਲ ਜ਼ਿਲ੍ਹੇ ਤੋਂ ਡੈਮੋਕ੍ਰੇਟਿਕ ਉਮੀਦਵਾਰ ਸੁਹਾਸ ਸੁਬਰਾਮਣਯਮ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਲਗਭਗ 63 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਰਿਪਬਲਿਕਨ ਉਮੀਦਵਾਰ ਡੇਵ ਬੈਕਵਿਥ ਨੂੰ ਕਰੀਬ 35 ਫ਼ੀਸਦੀ ਵੋਟਾਂ ਮਿਲੀਆਂ। ਇਸ ਜਿੱਤ ਨਾਲ ਸੁਬਰਾਮਣਯਮ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਆਪਣਾ ਦੂਜਾ ਲਗਾਤਾਰ ਕਾਰਜਕਾਲ ਸ਼ੁਰੂ ਕਰਨਗੇ। ਉਹ 2024 ਵਿੱਚ ਵਰਜੀਨੀਆ ਤੋਂ ਪਹਿਲੇ ਭਾਰਤੀ ਮੂਲ ਦੇ ਕਾਂਗਰਸ ਮੈਂਬਰ ਬਣੇ ਸਨ ਇਸੇ ਤਰ੍ਹਾਂ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਵੀ ਮੁੜ ਜਿੱਤ ਹਾਸਲ ਕੀਤੀ ਹੈ। ਉਹ ਡੈਮੋਕ੍ਰੇਟਿਕ ਗਵਰਨਰ ਵੇਸ ਮੂਰ ਦੇ ਨਾਲ ਚੋਣ ਮੈਦਾਨ ਵਿੱਚ ਸਨ। ਮੂਰ ਦੀ ਮੁੜ ਚੋਣ ਦੇ ਨਾਲ ਮਿਲਰ ਦਾ ਅਹੁਦਾ ਵੀ ਬਰਕਰਾਰ ਰਹੇਗਾ। ਇਸ ਨਾਲ ਅਮਰੀਕਾ ਦੇ ਇੱਕ ਪ੍ਰਮੁੱਖ ਸੂਬਾਈ ਪ੍ਰਸ਼ਾਸਨ ਵਿੱਚ ਭਾਰਤੀ ਮੂਲ ਦੀ ਨੁਮਾਇੰਦਗੀ ਜਾਰੀ ਰਹੇਗੀ।

ਫਲੋਰੀਡਾ ਦੇ 22ਵੇਂ ਕਾਂਗਰਸਨਲ ਜ਼ਿਲ੍ਹੇ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਪੀਆ ਦਾਂਡੀਆ ਨੇ ਰਿਪਬਲਿਕਨ ਉਮੀਦਵਾਰ ਕੇਸੀ ਅਸਕਰ ਉੱਤੇ ਬੜ੍ਹਤ ਬਣਾਈ ਹੋਈ ਸੀ। ਉਨ੍ਹਾਂ ਨੂੰ ਲਗਭਗ 52 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਅਸਕਰ ਨੂੰ 48 ਫ਼ੀਸਦੀ ਵੋਟਾਂ ਮਿਲੀਆਂ। ਹਾਲਾਂਕਿ ਐਨਬੀਸੀ ਨਿਊਜ਼ ਵੱਲੋਂ ਇਸ ਸੀਟ ’ਤੇ ਅੰਤਿਮ ਜਿੱਤ ਦਾ ਐਲਾਨ ਨਹੀਂ ਕੀਤਾ ਗਿਆ ਸੀ। ਪੀਆ ਦਾਂਡੀਆ ਪਹਿਲਾਂ ਸਕੂਲ ਪ੍ਰਿੰਸੀਪਲ ਰਹਿ ਚੁੱਕੀ ਹੈ ਅਤੇ ਦੱਖਣੀ ਫਲੋਰੀਡਾ ਤੋਂ ਕਾਂਗਰਸ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਓਹਾਇਓ ਵਿੱਚ ਗਵਰਨਰ ਅਹੁਦੇ ਦੀ ਚੋਣ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਐਮੀ ਐਕਟਨ ਨੇ ਰਿਪਬਲਿਕਨ ਉਮੀਦਵਾਰ ਵਿਵੇਕ ਰਾਮਾਸਵਾਮੀ ਉੱਤੇ ਸ਼ੁਰੂਆਤੀ ਬੜ੍ਹਤ ਬਣਾਈ ਹੋਈ ਸੀ। ਐਨਬੀਸੀ ਦੇ ਅੰਕੜਿਆਂ ਅਨੁਸਾਰ ਐਕਟਨ ਨੂੰ ਲਗਭਗ 63 ਫ਼ੀਸਦੀ ਅਤੇ ਰਾਮਾਸਵਾਮੀ ਨੂੰ 34 ਫ਼ੀਸਦੀ ਵੋਟਾਂ ਮਿਲੀਆਂ ਸਨ। ਹਾਲਾਂਕਿ ਉਸ ਸਮੇਂ ਤੱਕ ਲਗਭਗ 25 ਫ਼ੀਸਦੀ ਵੋਟਾਂ ਦੀ ਹੀ ਗਿਣਤੀ ਹੋਈ ਸੀ ਅਤੇ ਮੁਕਾਬਲੇ ਦਾ ਅੰਤਿਮ ਨਤੀਜਾ ਆਉਣਾ ਬਾਕੀ ਸੀ। ਰਾਮਾਸਵਾਮੀ ਬਾਇਓਟੈਕਨਾਲੋਜੀ ਉਦਯੋਗਪਤੀ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੀ ਰਹਿ ਚੁੱਕੇ ਹਨ।

ਮੈਸਾਚੂਸੇਟਸ ਵਿੱਚ ਡੈਮੋਕ੍ਰੇਟਿਕ ਸੈਨੇਟਰ ਐਡ ਮਾਰਕੀ ਦੇ ਮੁੜ ਚੁਣੇ ਜਾਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਨਾਲ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਭਾਰਤੀ ਮੂਲ ਦੇ ਸ਼ਿਵਾ ਅਈਅਦੁਰਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਧਰ ਜਾਰਜੀਆ ਵਿੱਚ ਡੈਮੋਕ੍ਰੇਟਿਕ ਸੈਨੇਟਰ ਜੌਨ ਓਸੌਫ ਦੇ ਵੀ ਆਪਣੀ ਸੀਟ ਬਰਕਰਾਰ ਰੱਖਣ ਦਾ ਅਨੁਮਾਨ ਸੀ। ਜਾਰਜੀਆ ਦੀ ਸੂਬਾਈ ਵਿਧਾਨ ਸਭਾ ਚੋਣ ਵਿੱਚ ਭਾਰਤੀ ਮੂਲ ਦੇ ਡੈਮੋਕ੍ਰੇਟਿਕ ਉਮੀਦਵਾਰ ਜੋਤ ਸਿੰਘ ਨੇ ਵੀ ਸ਼ੁਰੂਆਤੀ ਬੜ੍ਹਤ ਬਣਾਈ ਹੋਈ ਸੀ, ਜਦਕਿ ਉੱਤਰੀ ਕੈਰੋਲੀਨਾ ਤੋਂ ਮਹੇਸ਼ ਗਨੋਰਕਰ ਅਤੇ ਟੈਕਸਾਸ ਤੋਂ ਪੂਜਾ ਸੇਠੀ ਸਮੇਤ ਹੋਰ ਭਾਰਤੀ ਮੂਲ ਦੇ ਉਮੀਦਵਾਰਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ 3 ਨਵੰਬਰ ਨੂੰ ਹੋਈਆਂ ਇਨ੍ਹਾਂ ਮੱਧਕਾਲੀ ਚੋਣਾਂ ਰਾਹੀਂ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ, ਸੈਨੇਟ ਦੀਆਂ 35 ਸੀਟਾਂ ਅਤੇ ਕਈ ਸੂਬਿਆਂ ਦੇ ਗਵਰਨਰ ਤੇ ਵਿਧਾਨ ਸਭਾ ਅਹੁਦਿਆਂ ਦਾ ਫ਼ੈਸਲਾ ਹੋਣਾ ਹੈ। ਇਨ੍ਹਾਂ ਚੋਣਾਂ ਦੇ ਨਤੀਜੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਮੱਧ ਵਿੱਚ ਅਮਰੀਕੀ ਰਾਜਨੀਤੀ ਦੀ ਤਸਵੀਰ ਤੈਅ ਕਰਨਗੇ।

 

RELATED ARTICLES
- Advertisment -
Google search engine
Google search engine
Google search engine

Most Popular

Recent Comments