ਅਮਲੋਹ/ਬਸੀ ਪਠਾਣਾ/ਫਤਹਿਗੜ੍ਹ ਸਾਹਿਬ, 07 ਸਤੰਬਰ, 2026 (ਰਾਜੇਸ਼ ਕੁਮਾਰ) : ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੇ ਗਏ ‘10 ਦਿਨਾਂ ਮਹਾਂ-ਸਫ਼ਾਈ ਅਭਿਆਨ’ ਤਹਿਤ ਨਗਰ ਕੌਂਸਲ ਸਰਹਿੰਦ, ਬਸੀ ਪਠਾਣਾ ਅਤੇ ਅਮਲੋਹ ਵੱਲੋਂ ਅੱਜ ਸਫ਼ਾਈ ਮੁਹਿੰਮ ਦੇ 10ਵੇਂ ਦਿਨ ਸ਼ਹਿਰਾਂ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਸਫ਼ਾਈ ਕਾਰਜ ਕਰਵਾਏ ਗਏ।
ਇਸ ਤਹਿਤ ਨਗਰ ਕੌਂਸਲ ਸਰਹਿੰਦ ਵੱਲੋਂ ਵਾਰਡ ਨੰ.4 ਅਤੇ ਵਾਰਡ ਨੰ 06 ਵਿੱਚ, ਨਗਰ ਕੌਂਸਲ ਬਸੀ ਪਠਾਣਾ ਵੱਲੋਂ ਮੁਹੱਲਾ ਕਿਲਾ ਵਿਖੇ, ਅਤੇ ਨਗਰ ਕੌਂਸਲ ਅਮਲੋਹ ਵੱਲੋਂ ਖੰਨਾ ਰੋਡ ਦੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਕਰਵਾਈ ਗਈ। ਸਫ਼ਾਈ ਕਰਮਚਾਰੀਆਂ ਵੱਲੋਂ ਸੜਕਾਂ ਤੋਂ ਕੂੜਾ-ਕਰਕਟ ਹਟਾਉਣ ਦੇ ਨਾਲ-ਨਾਲ ਜਨਤਕ ਥਾਵਾਂ ਸਫ਼ਾਈ ਕਾਰਜ਼ਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਇਆ ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਬਣਾਈ ਰੱਖਣ ਦੀ ਅਪੀਲ ਕਰਦਿਆਂ ਗੀਲੇ ਅਤੇ ਸੁੱਕੇ ਕੂੜੇ ਸਮੇਤ ਚਾਰ ਪ੍ਰਕਾਰ ਦੇ ਕੂੜੇ ਨੂੰ ਵੱਖ-ਵੱਖ ਕਰਕੇ ਨਿਰਧਾਰਤ ਡਸਟਬੀਨਜ਼ ਵਿੱਚ ਪਾਉਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਉਹ ਸਫ਼ਾਈ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਜ਼ਿਲ੍ਹੇ ਨੂੰ ਸਾਫ਼, ਸੁੰਦਰ ਅਤੇ ਸਵੱਛ ਸ਼ਹਿਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸ੍ਰੀਮਤੀ ਹਰਿੰਦਰ ਕੌਰ, ਮੀਤ ਪ੍ਰਧਾਨ ਅਤੁਲ ਲੁਟਾਵਾ, ਜਾਨਵੀ ਸ਼ਰਮਾਂ, ਐਮ.ਸੀ. ਜਗਤਾਰ ਸਿੰਘ, ਦਰਸਨ ਸਿੰਘ ਚੀਮਾ, ਸਰਹਿੰਦ ਦੇ ਐਮ ਸੀ ਬਲਵਿੰਦਰ ਗੌਲਾ, ਰਾਮਪਾਲ ਤੋਂ ਇਲਾਵਾ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।







