ਅਟਲਾਂਟਾ, 16 ਜੁਲਾਈ, 2026 (ਹਰਸ਼ਲੀਨ ਸਿੰਘ): ਕਪਤਾਨ ਲਿਓਨਲ ਮੈਸੀ ਨੇ ਪਹਿਲੇ ਹਾਫ ਵਿੱਚ ਸੰਘਰਸ਼ ਕਰਨ ਤੋਂ ਬਾਅਦ ਦੂਜੇ ਹਾਫ ਦੇ ਆਖਰੀ ਪਲਾਂ ਵਿੱਚ ਆਪਣਾ ਜਲਵਾ ਬਿਖੇਰਿਆ ਅਤੇ ਦੋ ਗੋਲ ਕਰਨ ਵਿੱਚ ਮਦਦ ਕੀਤੀ, ਜਿਸ ਸਦਕਾ ਮੌਜੂਦਾ ਚੈਂਪੀਅਨ ਅਰਜਨਟੀਨਾ ਨੇ ਬੁੱਧਵਾਰ ਨੂੰ ਸੈਮੀਫਾਈਨਲ ਵਿੱਚ ਇੰਗਲੈਂਡ ਖਿਲਾਫ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 2-1 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਟੀਮ ਨੇ ਲਗਾਤਾਰ ਦੂਜੀ ਵਾਰ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ, ਜਿੱਥੇ ਐਤਵਾਰ ਨੂੰ ਉਸਦਾ ਮੁਕਾਬਲਾ ਸਪੇਨ ਨਾਲ ਹੋਵੇਗਾ।
ਮੈਸੀ ਨੇ ਬਹੁਤ ਜ਼ਿਆਦਾ ਦਬਾਅ ਦੇ ਵਿਚਕਾਰ ਮੈਚ ਦੇ ਆਖਰੀ ਪਲਾਂ ਵਿੱਚ ਦਿਖਾਇਆ ਕਿ ਆਖਰਕਾਰ ਕਿਉਂ ਉਨ੍ਹਾਂ ਨੂੰ ਦੁਨੀਆ ਦੇ ਮਹਾਨ ਖਿਡਾਰੀਆਂ ਵਿੱਚ ਗਿਣਿਆ ਜਾਂਦਾ ਹੈ।
ਪਹਿਲਾਂ ਐਂਜੋ ਫਰਨਾਂਡੀਜ਼ ਨੇ 85ਵੇਂ ਮਿੰਟ ਵਿੱਚ ਮੈਸੀ ਦੇ ਪਾਸ ਨੂੰ ਗੋਲ ਵਿੱਚ ਬਦਲ ਕੇ ਅਰਜਨਟੀਨਾ ਨੂੰ ਬਰਾਬਰੀ ਦਿਵਾਈ, ਜਦੋਂ ਕਿ ਸੱਤ ਮਿੰਟ ਬਾਅਦ ਬਦਲਵੇਂ ਖਿਡਾਰੀ (ਸਬਸਟੀਚਿਊਟ) ਲੌਟਾਰੋ ਮਾਰਟੀਨੇਜ਼ ਨੇ (90 ਪਲੱਸ 2 ਮਿੰਟ) ਆਪਣੇ ਕਪਤਾਨ ਦੇ ਪਾਸ ‘ਤੇ ਗੋਲ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਇਸ ਤੋਂ ਪਹਿਲਾਂ ਇੰਗਲੈਂਡ ਨੂੰ 55ਵੇਂ ਮਿੰਟ ਵਿੱਚ ਐਂਥਨੀ ਗੋਰਡਨ ਨੇ ਲੀਡ ਦਿਵਾਈ ਸੀ। ਤੀਜੇ ਸਥਾਨ ਦੇ ਪਲੇਅ-ਆਫ ਵਿੱਚ ਇੰਗਲੈਂਡ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ, ਜਿਸ ਨੂੰ ਸਪੇਨ ਨੇ ਮੰਗਲਵਾਰ ਨੂੰ ਪਹਿਲੇ ਸੈਮੀਫਾਈਨਲ ਵਿੱਚ 2-0 ਨਾਲ ਹਰਾਇਆ ਸੀ।
