ਤਹਿਰਾਨ, 30 ਸਤੰਬਰ, 2026 (ਹਰਸ਼ਪ੍ਰੀਤ ਕੌਰ): ਈਰਾਨ ਵਿੱਚ ਅਮਰੀਕੀ ਪਾਬੰਦੀਆਂ, ਆਯਾਤ ਵਿੱਚ ਆ ਰਹੀਆਂ ਰੁਕਾਵਟਾਂ ਅਤੇ ਮੁਦਰਾ ਦੀ ਕਮਜ਼ੋਰੀ ਦੇ ਵਿਚਕਾਰ ਦਵਾਈਆਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕੁਝ ਦਵਾਈਆਂ ਦੀਆਂ ਕੀਮਤਾਂ ਵਿੱਚ ਕਈ ਗੁਣਾ ਵਾਧਾ ਹੋਣ ਕਾਰਨ ਮਰੀਜ਼ਾਂ ਲਈ ਲੋੜੀਂਦੀਆਂ ਦਵਾਈਆਂ ਹਾਸਲ ਕਰਨਾ ਮੁਸ਼ਕਲ ਹੋ ਰਿਹਾ ਹੈ। ਈਰਾਨ ਦਾ ਦਵਾਈ ਉਦਯੋਗ ਵੱਡੇ ਪੱਧਰ ’ਤੇ ਦਰਾਮਦ ਕੀਤੇ ਕੱਚੇ ਮਾਲ ’ਤੇ ਨਿਰਭਰ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਦੇਸ਼ ਵਿੱਚ 80 ਫ਼ੀਸਦੀ ਤੋਂ ਵੱਧ ਦਵਾਈਆਂ ਦਾ ਉਤਪਾਦਨ ਸਥਾਨਕ ਤੌਰ ’ਤੇ ਹੁੰਦਾ ਹੈ, ਪਰ ਦਵਾਈਆਂ ਬਣਾਉਣ ਲਈ ਲੋੜੀਂਦਾ ਕੱਚਾ ਮਾਲ ਅਤੇ ਹੋਰ ਸਮੱਗਰੀ ਦਾ ਇੱਕ ਹਿੱਸਾ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਤਹਿਰਾਨ ਫਾਰਮੇਸੀ ਐਸੋਸੀਏਸ਼ਨ ਦੇ ਮੈਂਬਰ ਬਹਿਮਨ ਸਬੂਰ ਮੁਤਾਬਕ ਜੰਗ ਤੋਂ ਪਹਿਲਾਂ ਦਵਾਈਆਂ ਅਤੇ ਉਨ੍ਹਾਂ ਨਾਲ ਸਬੰਧਤ ਕਈ ਸਮੱਗਰੀ ਸਮੁੰਦਰੀ ਰਸਤੇ ਰਾਹੀਂ ਈਰਾਨ ਪਹੁੰਚਦੀ ਸੀ। ਉਨ੍ਹਾਂ ਅਨੁਸਾਰ, ਸਮੁੰਦਰੀ ਆਵਾਜਾਈ ਵਿੱਚ ਪੈਦਾ ਹੋਈਆਂ ਰੁਕਾਵਟਾਂ ਤੋਂ ਬਾਅਦ ਆਯਾਤਕਾਰਾਂ ਨੇ ਹਵਾਈ ਰਸਤੇ ਦੀ ਵਰਤੋਂ ਕੀਤੀ, ਪਰ ਇਸ ਨਾਲ ਆਵਾਜਾਈ ਦਾ ਖਰਚਾ ਵਧ ਗਿਆ।
ਏਸੇਕਸ ਯੂਨੀਵਰਸਿਟੀ ਦੇ ਪ੍ਰੋਫੈਸਰ ਰੇਜ਼ਾ ਮਜ਼ਦਜ਼ਾਦੇਹ ਨੇ ਕਿਹਾ ਕਿ ਅਮਰੀਕੀ ਪਾਬੰਦੀਆਂ ਭਾਵੇਂ ਸਿੱਧੇ ਤੌਰ ’ਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਨਾ ਬਣਾਉਂਦੀਆਂ ਹੋਣ, ਪਰ ਵਿੱਤੀ ਪਾਬੰਦੀਆਂ ਕਾਰਨ ਬੈਂਕਾਂ ਅਤੇ ਕੰਪਨੀਆਂ ਲਈ ਈਰਾਨ ਨਾਲ ਕਾਰੋਬਾਰ ਕਰਨਾ ਮੁਸ਼ਕਲ ਹੋ ਰਿਹਾ ਹੈ। ਈਰਾਨੀ ਅਧਿਕਾਰੀਆਂ ਮੁਤਾਬਕ ਹਵਾਈ ਹਮਲਿਆਂ ਵਿੱਚ 40 ਤੋਂ ਵੱਧ ਫਾਰਮਾਸਿਊਟੀਕਲ ਫੈਕਟਰੀਆਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚ ਕੁਝ ਅਜਿਹੀਆਂ ਇਕਾਈਆਂ ਵੀ ਸ਼ਾਮਲ ਹਨ ਜਿੱਥੇ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਬੀਮਾ ਕੰਪਨੀਆਂ ਵੱਲੋਂ ਭੁਗਤਾਨ ਵਿੱਚ ਹੋ ਰਹੀ ਦੇਰੀ ਕਾਰਨ ਫਾਰਮੇਸੀਆਂ ਲਈ ਦਵਾਈਆਂ ਦਾ ਸਟਾਕ ਕਾਇਮ ਰੱਖਣਾ ਵੀ ਚੁਣੌਤੀ ਬਣਿਆ ਹੋਇਆ ਹੈ।
ਦਵਾਈਆਂ ਦੀਆਂ ਕੀਮਤਾਂ ਨੂੰ ਨਿਯਮਤ ਕਰਨ ਵਾਲੀ ਸਰਕਾਰੀ ਏਜੰਸੀ ਦੇ ਮੁਖੀ ਮੇਹਦੀ ਪੀਰਸਲਾਹੀ ਅਨੁਸਾਰ ਮਹਿੰਗਾਈ ਅਤੇ ਮੁਦਰਾ ਨਾਲ ਜੁੜੀਆਂ ਸਮੱਸਿਆਵਾਂ ਦੇ ਚਲਦਿਆਂ ਪਿਛਲੇ ਛੇ ਮਹੀਨਿਆਂ ਦੌਰਾਨ ਲਗਭਗ 2,000 ਕਿਸਮਾਂ ਦੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ। ਤਹਿਰਾਨ ਵਾਸੀ ਅਲੀ ਫਲਾਹ ਨੇ ਦੱਸਿਆ ਕਿ ਸੋਜਸ਼ ਦੇ ਇਲਾਜ ਲਈ ਵਰਤੇ ਜਾਣ ਵਾਲੇ ਇੱਕ ਅਤਰ ਦੀ ਕੀਮਤ ਤਿੰਨ ਮਹੀਨਿਆਂ ਵਿੱਚ ਕਈ ਗੁਣਾ ਵਧ ਗਈ। ਇਸੇ ਤਰ੍ਹਾਂ ਇੱਕ ਸਰਕਾਰੀ ਹਸਪਤਾਲ ਦੇ ਕਰਮਚਾਰੀ ਮੁਤਾਬਕ ਕੁਝ ਮਾਨਸਿਕ ਸਿਹਤ ਸਮੱਸਿਆਵਾਂ ਲਈ ਲੋੜੀਂਦੀਆਂ ਦਵਾਈਆਂ ਦੀ ਕਮੀ ਕਾਰਨ ਡਾਕਟਰਾਂ ਨੂੰ ਵਿਕਲਪਕ ਇਲਾਜਾਂ ਦੀ ਵਰਤੋਂ ਕਰਨੀ ਪੈ ਰਹੀ ਹੈ।
ਕੈਂਸਰ ਮਰੀਜ਼ਾਂ ਦੇ ਪਰਿਵਾਰ ਵੀ ਦਵਾਈਆਂ ਦੀ ਉਪਲਬਧਤਾ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਰਹੇ ਹਨ। ਅਜ਼ੀਤਾ ਹਸਨਪੁਰ ਨੇ ਦੱਸਿਆ ਕਿ ਉਸ ਦੀ ਮਾਂ ਕੀਮੋਥੈਰੇਪੀ ਕਰਵਾ ਰਹੀ ਹੈ ਅਤੇ ਦਵਾਈਆਂ ਦੀ ਕਮੀ ਕਾਰਨ ਕਈ ਵਾਰ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ। ਇਸ ਦੌਰਾਨ ਈਰਾਨੀ ਫਾਰਮਾਸਿਸਟ ਐਸੋਸੀਏਸ਼ਨ ਦੇ ਬੁਲਾਰੇ ਹਾਦੀ ਅਹਿਮਦੀ ਮੁਤਾਬਕ ਚੀਨ ਤੋਂ ਫਲੂ ਵੈਕਸੀਨ ਦੀਆਂ ਕਰੀਬ 7 ਲੱਖ ਖੁਰਾਕਾਂ ਮੰਗਵਾਈਆਂ ਗਈਆਂ ਹਨ, ਜਦਕਿ ਹੋਰ 5 ਲੱਖ ਖੁਰਾਕਾਂ ਆਉਣ ਦੀ ਉਮੀਦ ਹੈ। ਹਾਲਾਂਕਿ ਇਸ ਸਾਲ ਫਲੂ ਵੈਕਸੀਨ ਦੀ ਕੀਮਤ ਲਗਭਗ 22 ਮਿਲੀਅਨ ਰਿਆਲ ਦੱਸੀ ਜਾ ਰਹੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ ਦੁੱਗਣੀ ਹੈ।
