ਚੰਡੀਗੜ੍ਹ, 11 ਜੁਲਾਈ (ਦੀਪਕ ਦੱਤਾ): ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਕਰੀਬ 33 ਲੱਖ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਤੌਰ ‘ਤੇ 1,147 ਕਰੋੜ ਰੁਪਏ ਟ੍ਰਾਂਸਫਰ ਕੀਤੇ ਹਨ। ਇਸ ਨਾਲ ਡਾਇਰੈਕਟ ਬੈਨਿਫਿਟ ਟ੍ਰਾਂਸਫਰ (DBT) ਪ੍ਰਣਾਲੀ ਰਾਹੀਂ ਯੋਜਨਾ ਦਾ ਪਹਿਲਾ ਭੁਗਤਾਨ ਚੱਕਰ ਸਫਲਤਾਪੂਰਵਕ ਪੂਰਾ ਹੋ ਗਿਆ ਹੈ।
ਸਰਕਾਰ ਅਨੁਸਾਰ ਅਨੁਸੂਚਿਤ ਜਾਤੀ (SC) ਵਰਗ ਦੀਆਂ ਲਾਭਪਾਤਰੀ ਮਹਿਲਾਵਾਂ ਨੂੰ 4,500 ਰੁਪਏ ਦਿੱਤੇ ਗਏ ਹਨ, ਜਿਸ ਵਿੱਚ 1,500 ਰੁਪਏ ਦੀਆਂ ਤਿੰਨ ਮਹੀਨਾਵਾਰ ਕਿਸ਼ਤਾਂ ਸ਼ਾਮਲ ਹਨ। ਜਦਕਿ ਹੋਰ ਸਾਰੀਆਂ ਯੋਗ ਸ਼੍ਰੇਣੀਆਂ ਦੀਆਂ ਮਹਿਲਾਵਾਂ ਨੂੰ 3,000 ਰੁਪਏ ਦਿੱਤੇ ਗਏ ਹਨ, ਜੋ 1,000 ਰੁਪਏ ਦੀਆਂ ਤਿੰਨ ਮਹੀਨਾਵਾਰ ਕਿਸ਼ਤਾਂ ਦੇ ਬਰਾਬਰ ਹਨ।
ਇਹ ਰਕਮ ਉਨ੍ਹਾਂ ਮਹਿਲਾਵਾਂ ਨੂੰ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੀ ਰਜਿਸਟ੍ਰੇਸ਼ਨ 25 ਜੂਨ 2026 ਤੱਕ ਪੂਰੀ ਹੋ ਚੁੱਕੀ ਸੀ। ਸਰਕਾਰ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਅਤੇ ਹੁਣ ਤੱਕ 66 ਲੱਖ ਤੋਂ ਵੱਧ ਮਹਿਲਾਵਾਂ ਇਸ ਯੋਜਨਾ ਤਹਿਤ ਰਜਿਸਟਰ ਹੋ ਚੁੱਕੀਆਂ ਹਨ। ਹੁਣ ਰਜਿਸਟ੍ਰੇਸ਼ਨ ਕਰਵਾਉਣ ਵਾਲੀਆਂ ਮਹਿਲਾਵਾਂ ਨੂੰ ਅਗਲੇ ਭੁਗਤਾਨ ਚੱਕਰ ਵਿੱਚ ਸ਼ਾਮਲ ਕੀਤਾ ਜਾਵੇਗਾ।
ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਯੋਜਨਾ ਦੀ ਸਫਲ ਸ਼ੁਰੂਆਤ ਸਰਕਾਰ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਿਸ ਤਹਿਤ ਯੋਗ ਮਹਿਲਾਵਾਂ ਤੱਕ ਵਿੱਤੀ ਸਹਾਇਤਾ ਸਿੱਧੇ ਅਤੇ ਪਾਰਦਰਸ਼ੀ ਢੰਗ ਨਾਲ ਪਹੁੰਚਾਈ ਜਾ ਰਹੀ ਹੈ।
ਉਨ੍ਹਾਂ ਕਿਹਾ, “ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਮਹਿਲਾਵਾਂ ਨੂੰ ਆਰਥਿਕ ਸੁਰੱਖਿਆ ਅਤੇ ਸਨਮਾਨ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਹਰ ਯੋਗ ਲਾਭਪਾਤਰੀ ਨੂੰ ਪਾਰਦਰਸ਼ੀ ਅਤੇ ਸਮੇਂ ਸਿਰ ਸਹਾਇਤਾ ਮਿਲੇ। ਕੋਈ ਵੀ ਯੋਗ ਮਹਿਲਾ ਇਸ ਯੋਜਨਾ ਤੋਂ ਵਾਂਝੀ ਨਹੀਂ ਰਹੇਗੀ।”
ਡਾ. ਬਲਜੀਤ ਕੌਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਯੋਜਨਾ ਮੌਜੂਦਾ ਭਲਾਈ ਸਕੀਮਾਂ ਤੋਂ ਇਲਾਵਾ ਹੈ। ਜਿਹੜੀਆਂ ਮਹਿਲਾਵਾਂ ਪਹਿਲਾਂ ਤੋਂ ਵਿਧਵਾ ਪੈਨਸ਼ਨ, ਦਿਵਿਆਂਗ ਪੈਨਸ਼ਨ ਜਾਂ ਬੁਢਾਪਾ ਪੈਨਸ਼ਨ ਲੈ ਰਹੀਆਂ ਹਨ, ਉਨ੍ਹਾਂ ਨੂੰ ਇਹ ਲਾਭ ਵੀ ਪਹਿਲਾਂ ਵਾਂਗ ਮਿਲਦੇ ਰਹਿਣਗੇ।
ਲਾਭਪਾਤਰੀ ਮਹਿਲਾਵਾਂ ਨੇ ਸਾਂਝੇ ਕੀਤੇ ਸਸ਼ਕਤੀਕਰਨ ਦੇ ਤਜਰਬੇ
ਕਈ ਮਹਿਲਾਵਾਂ ਲਈ ਇਹ ਪਹਿਲੀ ਕਿਸ਼ਤ ਸਿਰਫ਼ ਵਿੱਤੀ ਸਹਾਇਤਾ ਨਹੀਂ ਸੀ, ਸਗੋਂ ਉਨ੍ਹਾਂ ਦੇ ਆਪਣੇ ਬੈਂਕ ਖਾਤੇ ਵਿੱਚ ਪਹਿਲੀ ਵਾਰ ਪੈਸਾ ਆਉਣ ਦਾ ਅਨੁਭਵ ਵੀ ਸੀ।
ਗੁਰਦਾਸਪੁਰ ਦੇ ਮੁਸਤਾਬਾ ਜੱਟਾ ਪਿੰਡ ਦੀ ਕੁਲਦੀਪ ਕੌਰ ਨੇ ਦੱਸਿਆ ਕਿ 4,500 ਰੁਪਏ ਮਿਲਣ ਦਾ ਪਲ ਉਸ ਲਈ ਬਹੁਤ ਭਾਵੁਕ ਸੀ।
ਉਨ੍ਹਾਂ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਪੈਸਾ ਨਹੀਂ ਕਮਾਇਆ। ਜਦੋਂ ਮੈਨੂੰ ਭੁਗਤਾਨ ਦੀ ਪੁਸ਼ਟੀ ਵਾਲਾ SMS ਮਿਲਿਆ ਤਾਂ ਮੈਨੂੰ ਬੇਹੱਦ ਖੁਸ਼ੀ ਹੋਈ। ਇਸ ਨਾਲ ਮੇਰੇ ਅੰਦਰ ਸਵੈ-ਸਨਮਾਨ ਦੀ ਭਾਵਨਾ ਪੈਦਾ ਹੋਈ ਹੈ।” ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਪਰਿਵਾਰ ਵਿੱਚ ਉਨ੍ਹਾਂ ਦਾ ਆਤਮ-ਵਿਸ਼ਵਾਸ ਅਤੇ ਮਾਣ-ਸਨਮਾਨ ਵੀ ਵਧਿਆ ਹੈ।
ਘੁੰਮਣਕਲਾਂ ਪਿੰਡ ਦੀ ਰਹਿਣ ਵਾਲੀ ਹਰਮੀਤ ਕੌਰ ਨੇ ਕਿਹਾ ਕਿ ਉਹ ਇਹ ਰਕਮ ਘਰੇਲੂ ਖਰਚਿਆਂ ਅਤੇ ਆਪਣੀਆਂ ਜ਼ਰੂਰਤਾਂ ਲਈ ਵਰਤੇਗੀ।
ਉਨ੍ਹਾਂ ਕਿਹਾ, “ਹੁਣ ਮੈਂ ਵੀ ਕਮਾਈ ਕਰ ਰਹੀ ਹਾਂ।” ਉਨ੍ਹਾਂ ਅੱਗੇ ਕਿਹਾ ਕਿ ਇਹ ਯੋਜਨਾ ਇੱਕ ਮਜ਼ਬੂਤ ਸੰਦੇਸ਼ ਦਿੰਦੀ ਹੈ ਕਿ ਧੀਆਂ ਹਰ ਪਰਿਵਾਰ ਦੀ ਸੰਪਤੀ ਹੁੰਦੀਆਂ ਹਨ।
ਸੰਗਰੂਰ ਜ਼ਿਲ੍ਹੇ ਦੇ ਧੂਰੀ ਦੀ ਰਹਿਣ ਵਾਲੀ ਵਿਧਵਾ ਕਿਰਨ ਨੇ ਇਸ ਸਹਾਇਤਾ ਨੂੰ ਆਪਣੇ ਲਈ ਜੀਵਨ ਰੇਖਾ ਕਰਾਰ ਦਿੱਤਾ।
ਉਨ੍ਹਾਂ ਕਿਹਾ, “ਮੈਂ ਵਿਧਵਾ ਹਾਂ ਅਤੇ ਮੇਰੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਹੈ। ਇਹ ਰਕਮ ਮੇਰੇ ਲਈ ਬਹੁਤ ਵੱਡਾ ਸਹਾਰਾ ਹੈ।”
ਗੁਰਦਾਸਪੁਰ ਦੀ ਦਿਹਾੜੀਦਾਰ ਮਜ਼ਦੂਰ ਰੀਤਾ ਨੇ ਦੱਸਿਆ ਕਿ ਉਸ ਨੂੰ ਇਸ ਯੋਜਨਾ ਬਾਰੇ ਆਪਣੇ ਸਥਾਨਕ ਆਂਗਣਵਾੜੀ ਕੇਂਦਰ ਤੋਂ ਜਾਣਕਾਰੀ ਮਿਲੀ ਅਤੇ ਉੱਥੇ ਦੀ ਮਦਦ ਨਾਲ ਉਸ ਨੇ ਰਜਿਸਟ੍ਰੇਸ਼ਨ ਕਰਵਾਈ।
ਭੁਗਤਾਨ ਦੀ ਪੁਸ਼ਟੀ ਵਾਲਾ SMS ਦਿਖਾਉਂਦਿਆਂ ਉਸ ਨੇ ਭਾਵੁਕ ਹੋ ਕੇ ਕਿਹਾ, “ਮੋਬਾਈਲ ਦੀ ਟੂੰ-ਟੂੰ ਨੇ ਸਾਡੀ ਜ਼ਿੰਦਗੀ ਬਣਾ ਦਿੱਤੀ।”
ਪੰਜਾਬ ਸਰਕਾਰ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਮਹਿਲਾਵਾਂ ਨੂੰ ਸਿੱਧੀ ਨਕਦੀ ਸਹਾਇਤਾ ਦੇ ਕੇ ਉਨ੍ਹਾਂ ਦੀ ਆਰਥਿਕ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨਾ ਹੈ। ਨਾਲ ਹੀ DBT ਪ੍ਰਣਾਲੀ ਰਾਹੀਂ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਰਾਜ ਭਰ ਵਿੱਚ ਰਜਿਸਟ੍ਰੇਸ਼ਨ ਜਾਰੀ ਹੈ ਅਤੇ ਆਉਣ ਵਾਲੇ ਭੁਗਤਾਨ ਚੱਕਰਾਂ ਵਿੱਚ ਹੋਰ ਯੋਗ ਮਹਿਲਾਵਾਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ।








