Home ਪਟਿਆਲਾ ਅਪਡੇਟ ਪਟਿਆਲਾ ‘ਚ ਵਿਆਹੁਤਾ ਵੱਲੋਂ ਖੁ.ਦ.ਕੁ.ਸ਼ੀ., ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਲਾਏ...

ਪਟਿਆਲਾ ‘ਚ ਵਿਆਹੁਤਾ ਵੱਲੋਂ ਖੁ.ਦ.ਕੁ.ਸ਼ੀ., ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਲਾਏ ਗੰਭੀਰ ਦੋਸ਼

0

ਪਟਿਆਲਾ, 2 ਜੁਲਾਈ: (ਬਲਜੀਤ ਸਰਨਾ): ਪਟਿਆਲਾ ਦੇ ਮੋਚੀ ਮੁਹੱਲਾ (ਡਿਵੀਜ਼ਨ ਨੰਬਰ-2 ਦੇ ਪਿਛਲੇ ਹਿੱਸੇ) ਵਿੱਚ ਇੱਕ ਵਿਆਹੁਤਾ ਵੱਲੋਂ ਘਰ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਕਰੀਬ 35-36 ਸਾਲਾ ਰਾਣੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ।

ਮ੍ਰਿਤਕਾ ਦੇ ਪੇਕੇ ਪਰਿਵਾਰ, ਜੋ ਲੁਧਿਆਣਾ ਦੇ ਰਹਿਣ ਵਾਲੇ ਹਨ, ਨੇ ਰਾਣੀ ਦੇ ਪਤੀ, ਸੱਸ ਅਤੇ ਨਣਦ ‘ਤੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਰਾਣੀ ਦਾ ਵਿਆਹ ਕਰੀਬ 14 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਖੁਦਕੁਸ਼ੀ ਤੋਂ ਪਹਿਲਾਂ ਰਾਣੀ ਨੇ ਇੱਕ ਵੀਡੀਓ ਬਣਾਕੇ ਵਟਸਐਪ ਰਾਹੀਂ ਭੇਜੀ ਸੀ, ਜਿਸ ਵਿੱਚ ਉਸ ਨੇ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ‘ਤੇ ਕੀਤੇ ਜਾ ਰਹੇ ਮਾਨਸਿਕ ਤਸ਼ੱਦਦ ਅਤੇ ਪਰੇਸ਼ਾਨੀ ਦਾ ਜ਼ਿਕਰ ਕੀਤਾ ਸੀ। ਪਰਿਵਾਰ ਦੇ ਮੁਤਾਬਕ, ਰਾਣੀ ਦਾ ਪਤੀ ਪਿਛਲੇ ਕੁਝ ਦਿਨਾਂ ਤੋਂ ਘਰ ਨਹੀਂ ਆ ਰਿਹਾ ਸੀ ਅਤੇ ਕਥਿਤ ਤੌਰ ‘ਤੇ ਉਸ ਨੂੰ ਤਲਾਕ ਦੇਣ ਅਤੇ ਛੱਡਣ ਦੀਆਂ ਧਮਕੀਆਂ ਦੇ ਰਿਹਾ ਸੀ।

ਪੇਕੇ ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਘਟਨਾ ਤੋਂ ਬਾਅਦ ਸਹੁਰੇ ਪਰਿਵਾਰ ਦੇ ਮੈਂਬਰ ਅਤੇ ਬੱਚੇ ਘਰ ਤੋਂ ਗਾਇਬ ਹਨ। ਉਨ੍ਹਾਂ ਨੇ ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਉਹ ਮ੍ਰਿਤਕਾ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।

ਦੂਜੇ ਪਾਸੇ, ਥਾਣਾ ਕੋਤਵਾਲੀ ਦੇ ਇੰਚਾਰਜ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪੇਕੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵੱਲੋਂ ਸਹੁਰੇ ਪਰਿਵਾਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਮੁੱਢਲੀ ਜਾਣਕਾਰੀ ਅਨੁਸਾਰ ਉਹ ਇਸ ਵੇਲੇ ਘਰ ‘ਤੇ ਨਹੀਂ ਮਿਲੇ।

Exit mobile version