ਮੁੰਬਈ, 3 ਅਕਤੂਬਰ 2026 (ਚੌਧਰੀ ਪ੍ਰਭਜੀਤ ਸਿੰਘ): ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ 2 ਅਕਤੂਬਰ ਨੂੰ ਕਾਕਰੋਚ ਜਨਤਾ ਪਾਰਟੀ (CJP) ਵੱਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਵੱਲੋਂ ਇਜਾਜ਼ਤ ਨਾ ਦਿੱਤੇ ਜਾਣ ਦੇ ਬਾਵਜੂਦ ਵੀ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਪ੍ਰਦਰਸ਼ਨ ਵਿੱਚ ਬਾਲੀਵੁੱਡ ਦੇ ਕਈ ਜਾਣੇ-ਪਛਾਣੇ ਚਿਹਰੇ ਵੀ ਨਜ਼ਰ ਆਏ। ਅਦਾਕਾਰ ਨਸੀਰੂਦੀਨ ਸ਼ਾਹ, ਸ਼ਬਾਨਾ ਆਜ਼ਮੀ, ਗਾਇਕ ਅਤੇ ਸੰਗੀਤਕਾਰ ਵਿਸ਼ਾਲ ਦਦਲਾਨੀ ਅਤੇ ਫਿਲਮਕਾਰ ਵਿਸ਼ਾਲ ਭਾਰਦਵਾਜ ਸਮੇਤ ਕਈ ਕਲਾਕਾਰਾਂ ਨੇ ਪ੍ਰਦਰਸ਼ਨ ਵਿੱਚ ਹਾਜ਼ਰੀ ਭਰੀ। CJP ਵੱਲੋਂ ਇਹ ਪ੍ਰਦਰਸ਼ਨ ਵੋਟਰ ਸੂਚੀਆਂ ਦੀ Special Intensive Revision (SIR) ਪ੍ਰਕਿਰਿਆ ਅਤੇ ਚੋਣ ਪ੍ਰਬੰਧਨ ਨਾਲ ਜੁੜੀਆਂ ਕਥਿਤ ਬੇਨਿਯਮੀਆਂ ਦੇ ਦੋਸ਼ਾਂ ਨੂੰ ਲੈ ਕੇ ਕੀਤਾ ਗਿਆ। ਸੰਗਠਨ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਰੱਖੀ ਹੈ। ਦੂਜੇ ਪਾਸੇ, ਚੋਣ ਕਮਿਸ਼ਨ ਨੇ SIR ਨਾਲ ਸਬੰਧਤ ਫੈਸਲਿਆਂ ਨੂੰ ਕਮਿਸ਼ਨ ਵੱਲੋਂ ਸਹਿਮਤੀ ਨਾਲ ਲਏ ਜਾਣ ਦੀ ਗੱਲ ਕਹੀ ਹੈ।
ਨਸੀਰੂਦੀਨ ਸ਼ਾਹ ਦੀ CJP ਆਗੂ ਨਾਲ ਮੁਲਾਕਾਤ
ਪ੍ਰਦਰਸ਼ਨ ਦੌਰਾਨ ਨਸੀਰੂਦੀਨ ਸ਼ਾਹ ਨੇ CJP ਦੇ ਸੰਸਥਾਪਕ ਅਭਿਜੀਤ ਦੀਪਕੇ ਨਾਲ ਮੁਲਾਕਾਤ ਕੀਤੀ। ਸਾਹਮਣੇ ਆਈ ਵੀਡੀਓ ਵਿੱਚ ਦੋਵੇਂ ਇੱਕ-ਦੂਜੇ ਨੂੰ ਗਲੇ ਮਿਲਦੇ ਦਿਖਾਈ ਦਿੱਤੇ। ਦੀਪਕੇ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸ਼ਾਹ ਦੀ ਮੌਜੂਦਗੀ ਉਨ੍ਹਾਂ ਲਈ ਬੇਹੱਦ ਖਾਸ ਪਲ ਸੀ। ਸ਼ਬਾਨਾ ਆਜ਼ਮੀ ਅਤੇ ਵਿਸ਼ਾਲ ਦਦਲਾਨੀ ਨੇ ਵੀ ਪ੍ਰਦਰਸ਼ਨ ਦੇ ਮੁੱਦੇ ’ਤੇ ਜਨਤਕ ਤੌਰ ’ਤੇ ਆਪਣਾ ਸਮਰਥਨ ਜ਼ਾਹਰ ਕੀਤਾ ਸੀ। ਪ੍ਰਦਰਸ਼ਨ ਵਿੱਚ ਵਿਦਿਆਰਥੀ ਸੰਗਠਨਾਂ ਅਤੇ ਨੌਜਵਾਨਾਂ ਦੀ ਵੀ ਸ਼ਮੂਲੀਅਤ ਰਹੀ। CJP ਆਗੂ ਅਭਿਜੀਤ ਦੀਪਕੇ ਨੇ ਪ੍ਰਦਰਸ਼ਨ ਤੋਂ ਬਾਅਦ ਐਲਾਨ ਕੀਤਾ ਕਿ ਜੇਕਰ ਗਿਆਨੇਸ਼ ਕੁਮਾਰ ਅਸਤੀਫ਼ਾ ਨਹੀਂ ਦਿੰਦੇ ਤਾਂ ਸੰਗਠਨ ਵੱਲੋਂ 10 ਅਕਤੂਬਰ ਨੂੰ ਦਿੱਲੀ ਦੇ ਜੰਤਰ-ਮੰਤਰ ’ਤੇ ਅਗਲਾ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ।
