ਮੁੰਬਈ, 28 ਅਗਸਤ, 2026 (ਰਾਜੇਸ਼ ਕੁਮਾਰ) : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਨੋਜ ਬਾਜਪੇਈ ਨੇ ਮਹਾਰਾਸ਼ਟਰ ਵਿੱਚ ਆਪਣੀ ਰੀਅਲ ਅਸਟੇਟ ਨਿਵੇਸ਼ ਦੀ ਸੂਚੀ ਵਿੱਚ ਇੱਕ ਹੋਰ ਜਾਇਦਾਦ ਸ਼ਾਮਲ ਕੀਤੀ ਹੈ। ਰਿਪੋਰਟ ਮੁਤਾਬਕ ਉਨ੍ਹਾਂ ਨੇ ਲੋਨਾਵਲਾ ਨੇੜੇ ਪੁਣੇ ਜ਼ਿਲ੍ਹੇ ਦੇ ਮੁਲਸ਼ੀ ਤਾਲੁਕਾ ਵਿੱਚ ਕਰੀਬ 4.45 ਏਕੜ ਖੇਤੀਬਾੜੀ ਜ਼ਮੀਨ ਖਰੀਦੀ ਹੈ। ਇਸ ਜ਼ਮੀਨ ਦੀ ਕੀਮਤ ਲਗਭਗ 1.37 ਕਰੋੜ ਰੁਪਏ ਦੱਸੀ ਜਾ ਰਹੀ ਹੈ। ਪ੍ਰਾਪਰਟੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਇਹ ਜਾਇਦਾਦ ਟੇਲਬੈਲ ਪਿੰਡ ਵਿੱਚ ਸਥਿਤ ਹੈ ਅਤੇ ਲੈਣ-ਦੇਣ 25 ਅਗਸਤ 2026 ਨੂੰ ਰਜਿਸਟਰ ਹੋਇਆ। ਦਸਤਾਵੇਜ਼ਾਂ ਵਿੱਚ ਜ਼ਮੀਨ ਦੀ ਕੀਮਤ 1,37,31,000 ਰੁਪਏ ਦਰਜ ਕੀਤੀ ਗਈ ਹੈ। ਇਸ ਸੌਦੇ ਲਈ ਮਨੋਜ ਬਾਜਪੇਈ ਵੱਲੋਂ ਲਗਭਗ 6.86 ਲੱਖ ਰੁਪਏ ਸਟੈਂਪ ਡਿਊਟੀ ਅਤੇ 30 ਹਜ਼ਾਰ ਰੁਪਏ ਰਜਿਸਟ੍ਰੇਸ਼ਨ ਫੀਸ ਅਦਾ ਕੀਤੀ ਗਈ। ਰਿਪੋਰਟ ਅਨੁਸਾਰ ਇਹ ਖੇਤੀਬਾੜੀ ਜ਼ਮੀਨ ਵਿਮਲਚੰਦ ਖਿਮਰਾਜ ਜੈਨ ਤੋਂ ਖਰੀਦੀ ਗਈ ਹੈ। ਇਸ ਸੌਦੇ ਬਾਰੇ ਮਨੋਜ ਬਾਜਪੇਈ ਅਤੇ ਵਿਕਰੇਤਾ ਵੱਲੋਂ ਫਿਲਹਾਲ ਕੋਈ ਅਧਿਕਾਰਤ ਟਿੱਪਣੀ ਸਾਹਮਣੇ ਨਹੀਂ ਆਈ। ਦੋਵਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜਵਾਬ ਨਹੀਂ ਮਿਲ ਸਕਿਆ। ਮਨੋਜ ਬਾਜਪੇਈ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਫਿਲਮ ਇੰਡਸਟਰੀ ਵਿੱਚ ਸਰਗਰਮ ਹਨ ਅਤੇ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ‘ਸਤਿਆ’, ‘ਗੈਂਗਸ ਆਫ ਵਾਸੇਪੁਰ’, ‘ਅਲੀਗੜ੍ਹ’ ਅਤੇ ‘ਭੋਂਸਲੇ’ ਵਰਗੀਆਂ ਫਿਲਮਾਂ ਵਿੱਚ ਉਨ੍ਹਾਂ ਦੇ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਵੈੱਬ ਸੀਰੀਜ਼ ‘ਦ ਫੈਮਿਲੀ ਮੈਨ’ ਵਿੱਚ ਸ਼੍ਰੀਕਾਂਤ ਤਿਵਾਰੀ ਦੇ ਕਿਰਦਾਰ ਨੇ ਵੀ ਉਨ੍ਹਾਂ ਦੀ ਲੋਕਪ੍ਰਿਯਤਾ ਨੂੰ ਨਵਾਂ ਪੱਧਰ ਦਿੱਤਾ ਹੈ।







